ਮਹਿਤਾਬ-ਉਦ-ਦੀਨ
ਚੰਡੀਗੜ੍ਹ: ਨੀਰਜ ਚੋਪੜਾ ਨੇ ਆਪਣਾ ਉਲੰਪਿਕ ਸੋਨ ਤਮਗ਼ਾ ‘ਫ਼ਲਾਈਂਗ ਸਿੱਖ’ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਮਿਲਖਾ ਸਿੰਘ ਦਾ ਇਸੇ ਵਰ੍ਹੇ ਜੂਨ ਮਹੀਨੇ ਕੋਵਿਡ-19 ਨਾਲ ਜੂਝਦਿਆਂ ਦਿਹਾਂਤ ਹੋ ਗਿਆ ਸੀ। ਨੀਰਜ ਚੋਪੜਾ ਨੇ ਆਪਣਾ ਸੋਨ ਤਮਗ਼ਾ ਮਿਲਖਾ ਸਿੰਘ ਹੁਰਾਂ ਨੂੰ ਸਮਰਪਿਤ ਕਰਦਿਆਂ ਕਿਹਾ, ‘ਮਿਲਖਾ ਸਟੇਡੀਅਮ ’ਚ ਭਾਰਤ ਦਾ ਰਾਸ਼ਟਰੀ ਗੀਤ ਸੁਣਨਾ ਚਾਹੁੰਦੇ ਸਨ। ਅੱਜ ਉਹ ਭਾਵੇਂ ਸਾਡੇ ਨਾਲ ਨਹੀਂ ਹਨ ਪਰ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ।’
ਮਿਲਖਾ ਸਿੰਘ ਦੇ ਪੁੱਤਰ ਤੇ ਸੀਨੀਅਰ ਗੌਲਫ਼ਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨੀਰਜ ਚੋਪੜਾ ਦਾ ਧੰਨਵਾਦ ਕਰਦਾ ਹੈ। ਟਵਿਟਰ ’ਤੇ ਜੀਵ ਨੇ ਲਿਖਿਆ,‘ਤੁਸੀਂ ਟੋਕੀਓ ਉਲੰਪਿਕਸ ’ਚ ਐਥਲੈਟਿਕਸ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਹੈ ਤੇ ਤੁਸੀਂ ਇਹ ਮੇਰੇ ਪਿਤਾ ਨੂੰ ਸਮਰਪਿਤ ਕੀਤਾ ਹੈ। ਮਿਲਖਾ ਪਰਿਵਾਰ ਇਸ ਮਾਣ ਲਈ ਤੁਹਾਡਾ ਸਦੀਵੀ ਧੰਨਵਾਦੀ ਰਹੇਗਾ।’
ਦੱਸ ਦੇਈਏ ਕਿ ਹਰਿਆਣਾ ਦੇ ਨੀਰਜ ਚੋਪੜਾ ਨੇ ਕੱਲ੍ਹ ਸਨਿੱਚਰਵਾਰ ਨੂੰ ਟੋਕੀਓ ਉਲੰਪਿਕਸ ’ਚ ਸਭ ਤੋਂ ਵੱਧ 87.5 ਮੀਟਰ ਦੀ ਦੂਰੀ ਤੱਕ ਥ੍ਰੋਅ ਸੁੱਟਿਆ ਸੀ। ਭਾਰਤ ਦਾ ਉਲੰਪਿਕਸ 2020 ਲਈ ਇਹ ਪਹਿਲਾ ਸੋਨ ਤਮਗ਼ਾ ਹੈ। ਇੰਝ ਉਹ ਉਲੰਪਿਕਸ ’ਚ ਸੋਨ ਤਮਗ਼ਾ ਜਿੱਤਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ।
ਨੀਰਜ ਚੋਪੜਾ ਵੱਲੋਂ ਭਾਰਤ ਲਈ ਸੋਨ ਤਮਗ਼ਾ ਜਿੱਤਣ ਦੇ ਤੁਰੰਤ ਬਾਅਦ ਜੀਵ ਮਿਲਖਾ ਸਿੰਘ ਨੇ ਟਵੀਟ ਕੀਤਾ ਸੀ, ਮੇਰੇ ਡੈਡੀ ਬਹੁਤ ਸਾਲਾਂ ਤੋਂ ਚਾਹ ਰਹੇ ਸਨ ਕਿ ਅਜਿਹਾ ਕੁਝ ਹੋਵੇ। ਮੈਨੂੰ ਇਹ ਟਵੀਟ ਕਰਦਿਆਂ ਰੋਣਾ ਆ ਰਿਹਾ ਹੈ। ਮੈਨੂੰ ਯਕੀਨ ਹੈ ਕਿ ਡੈਡੀ ਵੀ ਉੱਪਰ ਰੋ ਰਹੇ ਹੋਣਗੇ। ਤੇਰਾ ਧੰਨਵਾਦ ਨੀਰਜ ਕਿ ਤੂੰ ਇਹ ਕਰ ਵਿਖਾਇਆ ਉਨ੍ਹਾਂ ਦਾ ਸੁਫ਼ਨਾ ਆਖ਼ਰ ਸੱਚਾ ਸਿੱਧ ਹੋ ਗਿਆ ਹੈ।
ਸੋਨ ਤਮਗ਼ਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਆਖਿਆ: ‘ਇਸ ਵਰ੍ਹੇ ਮੇਰੇ ਲਈ ਸਭ ਤੋਂ ਅਹਿਮ ਗੱਲ ਇਹੋ ਸੀ ਕਿ ਮੈਂ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲਵਾਂ। ਪਹਿਲਾਂ ਖੇਡੇ ਗਏ ਦੋ–ਤਿੰਨ ਕੌਮਾਂਤਰੀ ਮੁਕਾਬਲਿਆਂ ਨੇ ਮੇਰੀ ਬਹੁਤ ਮਦਦ ਕੀਤੀ। ਇਸ ਲਈ ਮੈਂ ਉਲੰਪਿਕਸ ’ਚ ਦਬਾਅ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ। ਮੈਂ ਆਪਣੀ ਕਾਰਗੁਜ਼ਾਰੀ ’ਤੇ ਇਕਾਗਰ ਕਰ ਸਕਿਆ।’
ਇਹ ਵੀ ਦੱਸ ਦੇਈਏ ਕਿ ਮਿਲਖਾ ਸਿੰਘ ਅਕਸਰ ਆਖਿਆ ਕਰਦੇ ਸਨ ਕਿ ਉਨ੍ਹਾਂ ਦੀ ਇੱਛਾ ਹੈ ਕਿ ਕੋਈ ਭਾਰਤੀ ਉਲੰਪਿਕਸ ’ਚ ਸੋਨ ਤਮਗ਼ਾ ਜਿੱਤੇ।