ਨਵੀਂ ਦਿੱਲੀ: ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਓਲੰਪਿਕ ਅਥਲੈਟਿਕਸ ਵਿੱਚ ਸੋਨ ਤਮਗ਼ਾ ਜਿੱਤ ਕੇ 121 ਸਾਲਾਂ ਦੇ ਸੋਕੇ ਦਾ ਅੰਤ ਕੀਤਾ ਹੈ। ਨੀਰਜ ਨੇ ਸਨਿੱਚਰਵਾਰ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ 87.58 ਮੀਟਰ ਦੇ ਸਰਬੋਤਮ ਥ੍ਰੋਅ ਨਾਲ ਜੈਵਲਿਨ ਥ੍ਰੋ ਗੋਲਡ ਮੈਡਲ ਜਿੱਤਿਆ।

 

ਨੀਰਜ ਦੀ ਇਸ ਜਿੱਤ ਨਾਲ ਪੂਰਾ ਦੇਸ਼ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਖੁਦ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਫੌਜ ਮੁਖੀ ਤੇ ਰਾਹੁਲ ਗਾਂਧੀ ਤੋਂ ਲੈ ਕੇ ਸੋਨੀਆ ਗਾਂਧੀ ਤੱਕ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

 

ਨੀਰਜ ਦੀ ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਹੁਣ ਉਨ੍ਹਾਂ ਉੱਤੇ ਇਨਾਮਾਂ ਦੀ ਵਰਖਾ ਵੀ ਸ਼ੁਰੂ ਹੋ ਗਈ ਹੈ। ਜਿੱਤ ਦੇ 3 ਘੰਟਿਆਂ ਦੇ ਅੰਦਰ, ਨੀਰਜ ਨੂੰ 13.75 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ। ਇਸ ਵਿੱਚ ਰਾਜ ਸਰਕਾਰਾਂ ਤੋਂ ਲੈ ਕੇ ਰੇਲਵੇ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਤਰਫੋਂ, ਨੀਰਜ ਨੂੰ ਨਕਦ ਇਨਾਮ ਦੇਣ ਦੇ ਐਲਾਨ ਕੀਤੇ ਗਏ ਹਨ।

 

ਹਰਿਆਣਾ ਸਰਕਾਰ ਦੇਵੇਗੀ ਕਲਾਸ-1 ਦੀ ਨੌਕਰੀ ਤੇ ਸਬਸਿਡੀ ਵਾਲੀ ਜ਼ਮੀਨ

ਹਰਿਆਣਾ ਮੁੱਖ ਮੰਤਰੀ ਨੇ ਪਾਨੀਪਤ ਦੇ ਨੀਰਜ ਨੂੰ 6 ਕਰੋੜ ਰੁਪਏ ਨਕਦ ਅਤੇ ਕਲਾਸ-1 (ਗਜ਼ਟਿਡ ਆਫ਼ੀਸਰ) ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਸੀਂ ਪੰਚਕੂਲਾ ਵਿੱਚ ਐਥਲੀਟਾਂ ਲਈ ‘ਸੈਂਟਰ ਆਫ਼ ਐਕਸੇਲੈਂਸ’ ਬਣਾਵਾਂਗੇ। ਜੇ ਨੀਰਜ ਚਾਹੁਣਗੇ, ਤਾਂ ਅਸੀਂ ਉਨ੍ਹਾਂ ਨੂੰ ਉੱਥੋਂ ਦਾ ਮੁਖੀ ਬਣਾਵਾਂਗੇ। ਹਰਿਆਣਾ ਸਰਕਾਰ ਨੀਰਜ ਨੂੰ 50% ਰਿਆਇਤ ਦੇ ਨਾਲ ਇੱਕ ਪਲਾਟ ਵੀ ਦੇਵੇਗੀ।

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਬੀਸੀਸੀਆਈ ਨੇ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਅਤੇ ਰਵੀ ਕੁਮਾਰ ਦਹੀਆ ਨੂੰ 50 ਲੱਖ ਰੁਪਏ ਤੇ ਕਾਂਸੀ ਤਮਗਾ ਜੇਤੂ ਪੀਵੀ ਸਿੰਧੂ, ਲਵਲੀਨਾ ਬੋਰਗੋਹੇਨ ਤੇ ਬਜਰੰਗ ਪੁਨੀਆ ਨੂੰ 25-25 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕ੍ਰਿਕਟ ਬੋਰਡ ਹਾਕੀ ਪੁਰਸ਼ ਟੀਮ ਨੂੰ 1.25 ਕਰੋੜ ਰੁਪਏ ਵੀ ਦੇਵੇਗਾ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਹੇ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਇੱਕ ਸਿਪਾਹੀ ਵਜੋਂ ਨੀਰਜ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਸ ਦੀ ਪ੍ਰਾਪਤੀ ਇਤਿਹਾਸਕ ਹੈ। ਇਸ ਦੇ ਨਾਲ ਹੀ ਮਨੀਪੁਰ ਸਰਕਾਰ ਨੇ ਨੀਰਜ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ।