Neeraj Chopra:  ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅਮਰੀਕਾ ਦੇ ਯੂਜੀਨ 'ਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਵੀ ਇਤਿਹਾਸ ਰਚ ਦਿੱਤਾ ਹੈ। ਉਹ ਇਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਜੈਵਲਿਨ ਥਰੋਅ ਦੇ ਫਾਈਨਲ ਵਿੱਚ ਉਹਨਾਂ ਨੇ 88.13 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਪ੍ਰਾਪਤੀ 'ਤੇ ਸੋਸ਼ਲ ਮੀਡੀਆ 'ਤੇ ਵਧਾਈ ਸੰਦੇਸ਼ਾਂ ਦਾ ਹੜ੍ਹ ਆ ਗਿਆ ਹੈ। ਆਮ ਲੋਕਾਂ ਤੋਂ ਲੈ ਕੇ ਸਿਆਸਤਦਾਨ, ਖਿਡਾਰੀ, ਉਦਯੋਗਪਤੀ ਅਤੇ ਮਸ਼ਹੂਰ ਹਸਤੀਆਂ ਤੱਕ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਪੀਐਮ ਮੋਦੀ ਨੇ ਵੀ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ।


ਪੀਐਮ ਮੋਦੀ ਨੇ ਲਿਖਿਆ, 'ਇਹ ਸਾਡੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਵੱਲੋਂ ਹਾਸਲ ਕੀਤੀ ਵੱਡੀ ਉਪਲਬਧੀ ਹੈ। ਨੀਰਜ ਤੁਹਾਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਤਗਮਾ ਜਿੱਤਣ ਲਈ ਬਹੁਤ-ਬਹੁਤ ਵਧਾਈਆਂ। ਭਾਰਤੀ ਖੇਡਾਂ ਲਈ ਇਹ ਖਾਸ ਪਲ ਹੈ। ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ।


ਉੱਥੇ ਹੀ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਟਵੀਟ ਕਰਦੇ ਲਿਖਿਆ ਕਿ, 'ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਜੀ ਨੂੰ ਚਾਂਦੀ ਦਾ ਤਮਗਾ ਜਿੱਤਣ 'ਤੇ ਬਹੁਤ ਬਹੁਤ ਮੁਬਾਰਕਾਂ …ਉਡਾਰੀ ਖੰਭਾਂ ਨਾਲ ਨਹੀਂ ਹੌਸਲਿਆਂ ਨਾਲ ਹੁੰਦੀ ਹੈ…ਭਵਿੱਖ ਲਈ ਸ਼ੁਭਕਾਮਨਾਵਾਂ'