Sakshi Malik quits wrestling: ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਕੁਸ਼ਤੀ ਇਸ ਲਈ ਛੱਡੀ ਕਿਉਂਕਿ ਬੀਜੇਪੀ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਕੁਮਾਰ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਨਵੇਂ ਪ੍ਰਧਾਨ ਬਣ ਗਏ ਹਨ। ਸਾਕਸ਼ੀ ਮਲਿਕ ਸਣੇ ਕਈ ਮਹਿਲਾ ਪਹਿਲਵਾਨਾਂ ਨੇ ਬ੍ਰਿਜਭੂਸ਼ਣ ਉਪਰ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਸੀ। 


ਦਰਅਸਲ ਸੰਜੇ ਕੁਮਾਰ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਹ ਸੰਘ 'ਤੇ ਲੰਬਾ ਸਮਾਂ ਕਾਬਜ਼ ਰਹੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਹਨ। ਬ੍ਰਿਜਭੂਸ਼ਣ ਉਪਰ ਮਹਿਲਾ ਪਹਿਲਵਾਨਾਂ ਦੇ ਸੋਸ਼ਣ ਦਾ ਇਲਜ਼ਾਮ ਲੱਗਾ ਸੀ। ਵੀਰਵਾਰ ਨੂੰ ਹੋਈ ਵੋਟਿੰਗ 'ਚ ਸੰਜੇ ਸਿੰਘ ਨੂੰ ਕੁੱਲ 47 'ਚੋਂ 40 ਵੋਟਾਂ ਮਿਲੀਆਂ। ਉਸ ਦਾ ਮੁਕਾਬਲਾ ਅਨੀਤਾ ਸ਼ਿਓਰਾਨ ਨਾਲ ਸੀ। ਸੰਜੇ ਸਿੰਘ ਪਹਿਲਾਂ ਸੰਯੁਕਤ ਸਕੱਤਰ ਸਨ। 


ਉਧਰ, ਵੀਰਵਾਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ। ਪਹਿਲਵਾਨ ਸਾਕਸ਼ੀ ਮਲਿਕ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ 40 ਦਿਨਾਂ ਤੱਕ ਸੜਕਾਂ 'ਤੇ ਸੌਂਦੇ ਰਹੇ ਤੇ ਦੇਸ਼ ਦੇ ਕਈ ਹਿੱਸਿਆਂ ਤੋਂ ਬਹੁਤ ਸਾਰੇ ਲੋਕ ਸਾਡੇ ਸਮਰਥਨ ਲਈ ਆਏ। ਜੇਕਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਕਾਰੋਬਾਰੀ ਭਾਈਵਾਲ ਤੇ ਨਜ਼ਦੀਕੀ ਸਾਥੀ ਨੂੰ ਕੁਸ਼ਤੀ ਸੰਘ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਲਈ ਮੈਂ ਕੁਸ਼ਤੀ ਛੱਡ ਰਹੀ ਹਾਂ। ਸਾਡਾ ਸਮਰਥਨ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਪੂਰੇ ਦਿਲ ਨਾਲ ਲੜਾਈ ਲੜੀ। ਜੇਕਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗਾ ਬੰਦਾ ਬੀ ਪ੍ਰਧਾਨ ਬਣਿਆ ਰਹਿੰਦਾ ਹੈ ਤਾਂ ਮੈਂ ਆਪਣੀ ਕੁਸ਼ਤੀ ਤਿਆਗਦੀ ਹਾਂ।


ਉੱਥੇ ਹੀ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਖੇਡ ਮੰਤਰੀ ਨੇ ਰਿਕਾਰਡ 'ਤੇ ਕਿਹਾ ਸੀ ਕਿ ਬ੍ਰਿਜ ਭੂਸ਼ਣ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਫੈਡਰੇਸ਼ਨ ਦਾ ਪ੍ਰਧਾਨ ਨਹੀਂ ਬਣਾਇਆ ਜਾਵੇਗਾ ਪਰ ਲੱਗਦਾ ਹੈ ਕਿ ਇੱਥੇ ਧੀਆਂ ਨੂੰ ਇਨਸਾਫ਼ ਨਹੀਂ ਮਿਲੇਗਾ। ਇਨਸਾਫ ਲਈ ਪੀੜ੍ਹੀ ਦਰ ਪੀੜ੍ਹੀ ਲੜਦੇ ਰਹਿਣਾ ਪਏਗਾ। ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਕਿ ਇਹ ਸਾਡੇ ਨਾਲ ਨਿਆਂ ਕਰੇਗੀ। ਸਾਕਸ਼ੀ ਦੇ ਰਿਟਾਇਰਮੈਂਟ ਤੋਂ ਬਾਅਦ ਵਿਨੇਸ਼ ਫੋਗਾਟ ਵੀ ਭਾਵੁਕ ਹੋ ਗਈ ਤੇ ਪ੍ਰੈੱਸ ਕਾਨਫਰੰਸ 'ਚ ਹੀ ਰੋਣ ਲੱਗ ਪਈ।


ਦੱਸ ਦਈਏ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਲਗਾਤਾਰ 12 ਸਾਲ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਰਹੇ ਸਨ। ਇਸ ਸਾਲ ਦੀ ਸ਼ੁਰੂਆਤ 'ਚ ਮਹਿਲਾ ਪਹਿਲਵਾਨਾਂ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਭਾਜਪਾ ਸਾਂਸਦ ਖ਼ਿਲਾਫ਼ ਜਾਂਚ ਕਰ ਰਹੀ ਹੈ। ਇਸ ਕਾਰਨ ਬ੍ਰਿਜ ਭੂਸ਼ਣ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਦੌਰਾਨ ਉਨ੍ਹਾਂ ਫੈਸਲਾ ਕੀਤਾ ਗਿਆ ਕਿ ਉਹ ਖੁਦ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਚੋਣ ਨਹੀਂ ਲੜਨਗੇ।