Olympics 2024: ਓਲੰਪਿਕ ਵਿਸ਼ਵ ਵਿੱਚ ਸਭ ਤੋਂ ਵੱਡੇ ਪੱਧਰ ਦਾ ਖੇਡ ਸਮਾਗਮ ਹੈ। ਇਨ੍ਹਾਂ ਖੇਡਾਂ ਵਿੱਚ ਦੁਨੀਆ ਦੇ ਕਈ ਵੱਡੇ ਦੇਸ਼ ਹਿੱਸਾ ਲੈਂਦੇ ਹਨ। ਇਸ ਵਾਰ ਵੀ 206 ਦੇਸ਼ਾਂ ਤੇ ਓਲੰਪਿਕ ਕਮੇਟੀ ਨੇ ਇਨ੍ਹਾਂ ਖੇਡਾਂ ਵਿੱਚ ਤਗਮੇ ਜਿੱਤਣ ਲਈ ਜ਼ੋਰ ਅਜ਼ਮਾਇਸ਼ ਕੀਤੀ ਪਰ ਇਸ ਵਾਰ ਓਲੰਪਿਕ ਵਿੱਚ ਕੁੱਲ 63 ਦੇਸ਼ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ। ਇਸ ਸੂਚੀ ਵਿੱਚ ਚੀਨ ਤੇ ਅਮਰੀਕਾ ਸਭ ਤੋਂ ਅੱਗੇ ਹਨ। 


ਉਧਰ, ਇਸ ਵਾਰ ਭਾਰਤ ਵੱਲੋਂ 117 ਐਥਲੀਟਾਂ ਨੇ ਹਿੱਸਾ ਲਿਆ ਤੇ ਕੁੱਲ ਮਿਲਾ ਕੇ ਸਿਰਫ਼ 6 ਤਗਮੇ ਹੀ ਜਿੱਤ ਸਕੇ। ਇਸ ਦੇ ਨਾਲ ਹੀ ਫਰਾਂਸ ਦਾ ਇੱਕ 22 ਸਾਲਾ ਖਿਡਾਰੀ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਹ ਸਭ ਤੋਂ ਵੱਧ ਵਿਅਕਤੀਗਤ ਸੋਨ ਤਗਮੇ ਜਿੱਤਣ ਵਾਲਾ ਖਿਡਾਰੀ ਰਿਹਾ ਹੈ। ਇਸ ਖਿਡਾਰੀ ਨੇ ਇਕੱਲੇ ਹੀ 187 ਦੇਸ਼ਾਂ ਤੇ ਓਲੰਪਿਕ ਕਮੇਟੀ ਤੋਂ ਵੱਧ ਤਗਮੇ ਜਿੱਤੇ ਹਨ।



ਫਰਾਂਸੀਸੀ ਤੈਰਾਕ ਨੇ ਓਲੰਪਿਕ 'ਚ ਮਚਾਈ ਖਲਬਲੀ
22 ਸਾਲਾ ਫਰਾਂਸੀਸੀ ਤੈਰਾਕ ਲਿਓਨ ਮਾਰਚੈਂਡ ਪੈਰਿਸ ਓਲੰਪਿਕ 2024 ਦਾ ਸਭ ਤੋਂ ਸਫਲ ਐਥਲੀਟ ਸੀ। ਮਸ਼ਹੂਰ ਓਲੰਪਿਕ ਤੈਰਾਕ ਮਾਈਕਲ ਫੈਲਪਸ ਦੇ ਸਾਬਕਾ ਕੋਚ ਬੌਬ ਬੋਮੈਨ ਤੋਂ ਸਿਖਲਾਈ ਲੈਣ ਵਾਲੇ ਲਿਓਨ ਨੇ ਕੁੱਲ 4 ਸੋਨ ਤਗਮੇ ਜਿੱਤੇ। ਦੱਸ ਦਈਏ ਕਿ ਪੈਰਿਸ ਓਲੰਪਿਕ ਵਿੱਚ ਸਿਰਫ਼ 19 ਦੇਸ਼ਾਂ ਨੇ ਹੀ 4 ਜਾਂ ਇਸ ਤੋਂ ਵੱਧ ਗੋਲਡ ਮੈਡਲ ਜਿੱਤੇ ਹਨ। ਅਜਿਹੇ 'ਚ ਲਿਓਨ ਨੇ ਸੋਨ ਤਮਗਾ ਜਿੱਤਣ 'ਚ 187 ਦੇਸ਼ਾਂ ਤੇ ਓਲੰਪਿਕ ਕਮੇਟੀ ਨੂੰ ਪਿੱਛੇ ਛੱਡ ਦਿੱਤਾ, ਜਿਸ 'ਚ ਭਾਰਤ ਤੇ ਪਾਕਿਸਤਾਨ ਵਰਗੇ ਵੱਡੇ ਦੇਸ਼ਾਂ ਦਾ ਨਾਂ ਵੀ ਸ਼ਾਮਲ ਹੈ।


ਪੈਰਿਸ ਓਲੰਪਿਕ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦੇ ਮਾਮਲੇ ਵਿੱਚ ਕਈ ਐਥਲੀਟ ਹਨ। ਇਸ ਵਿੱਚ ਅਮਰੀਕਾ ਦੀ ਟੋਰੀ ਹਸਕੇ, ਸਿਮੋਨ ਬਾਈਲਸ ਤੇ ਗੈਬੀ ਥਾਮਸ, ਆਸਟਰੇਲੀਆ ਦੀ ਮੌਲੀ ਓ ਕੈਲਾਘਨ ਦੇ ਨਾਮ ਸ਼ਾਮਲ ਹਨ। ਇਹ ਐਥਲੀਟ 3-3 ਗੋਲਡ ਮੈਡਲ ਜਿੱਤਣ ਵਿਚ ਸਫਲ ਰਹੇ। ਦੱਸ ਦਈਏ ਕਿ ਇੱਕ ਓਲੰਪਿਕ ਵਿੱਚ ਸਭ ਤੋਂ ਵੱਧ ਵਿਅਕਤੀਗਤ ਗੋਲਡ ਮੈਡਲ ਜਿੱਤਣ ਦਾ ਰਿਕਾਰਡ ਮਾਈਕਲ ਫੈਲਪਸ ਦੇ ਨਾਮ ਹੈ। ਉਸ ਨੇ 2008 ਦੀਆਂ ਓਲੰਪਿਕ ਖੇਡਾਂ ਵਿੱਚ ਕੁੱਲ 8 ਸੋਨ ਤਗਮੇ ਜਿੱਤ ਕੇ ਇਤਿਹਾਸ ਰਚਿਆ ਸੀ।



1976 ਤੋਂ ਬਾਅਦ ਓਲੰਪਿਕ ਵਿੱਚ ਅਜਿਹਾ ਪਹਿਲੀ ਵਾਰ ਹੋਇਆ
31 ਜੁਲਾਈ ਲਿਓਨ ਲਈ ਬਹੁਤ ਯਾਦਗਾਰ ਦਿਨ ਸੀ। ਉਸ ਨੇ 200 ਮੀਟਰ ਬਟਰਫਲਾਈ ਤੇ 200 ਬ੍ਰੈਸਟਸਟ੍ਰੋਕ ਵਿੱਚ ਸੋਨ ਤਗਮਾ ਜਿੱਤਿਆ। ਦੱਸ ਦਈਏ ਕਿ 1976 ਤੋਂ ਬਾਅਦ ਪਹਿਲੀ ਵਾਰ ਕਿਸੇ ਤੈਰਾਕ ਨੇ ਓਲੰਪਿਕ ਖੇਡਾਂ ਵਿੱਚ ਇੱਕੋ ਦਿਨ ਵਿੱਚ ਦੋ ਸੋਨ ਤਗਮੇ ਜਿੱਤੇ ਹਨ। ਉਹ ਤੈਰਾਕੀ ਵਿੱਚ ਤਿੰਨ ਜਾਂ ਵੱਧ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਫਰਾਂਸੀਸੀ ਖਿਡਾਰੀ ਵੀ ਹੈ।