ਮੁੰਬਈ: ਗਲੋਬਲ ਫ਼ਿਲਮ ਸਟਾਰ ਪ੍ਰਿਅੰਕਾ ਚੋਪੜਾ ਨੇ ਭਾਰਤੀ ਬਾਕਸਰ ਮੈਰੀ ਕੌਮ ਦੀ ਸ਼ਲਾਘਾ ਕੀਤੀ ਹੈ। ਸਾਲ 2014 ’ਚ ਰਾਸ਼ਟਰੀ ਪੁਰਸਕਾਰ ਜੇਤੂ ਬਾਇਓਪਿਕ ਫ਼ਿਲਮ ਮੈਰੀ ਕੌਮ ’ਤੇ ਬਣੀ ਫ਼ਿਲਮ ਵਿੱਚ ਪ੍ਰਿਅੰਕਾ ਚੋਪੜਾ ਨੇ ਹੀ ਆਪਣੀ ਭੂਮਿਕਾ ਨੂੰ ਜੀਵੰਤ ਬਣਾਇਆ ਸੀ। ਕੱਲ੍ਹ ਵੀਰਵਾਰ ਨੂੰ ਮੈਰੀ ਕੌਮ ਟੋਕੀਓ ਉਲੰਪਿਕਸ ’ਚੋਂ ਬਾਹਰ ਹੋ ਗਏ ਸਨ।
ਤਦ ਪ੍ਰਿਅੰਕਾ ਚੋਪੜਾ ਨੇ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ ਕਿ ਮੈਰੀ ਕੌਮ ਦਾ ਜੀਵਨ ਹਰੇਕ ਵਿਅਕਤੀ ਨੂੰ ਪ੍ਰੇਰਿਤ ਕਰਦਾ ਹੈ ਤੇ ਉਨ੍ਹਾਂ ਜੋ ਕੁਝ ਵੀ ਆਪਣੀ ਜ਼ਿੰਦਗੀ ’ਚ ਹਾਸਲ ਕੀਤਾ, ਉਹ ਆਪਣੇ ਦਮ ’ਤੇ ਸਮਰਪਣ ਦੀ ਭਾਵਨਾ ਤੇ ਜਨੂੰਨ ਸਦਕਾ ਹੀ ਸੰਭਵ ਹੋਇਆ ਹੈ।
ਪ੍ਰਿਅੰਕਾ ਚੋਪੜਾ ਨੇ ਟਵੀਟ ਕੀਤਾ,‘ਅਲਟੀਮੇਟ ਚੈਂਪੀਅਨ ਇਹੋ ਜਿਹਾ ਹੀ ਦਿਸਦਾ ਹੁੰਦਾ ਹੈ…Bravo @MangteC…. ਤੁਸੀਂ ਦੁਨੀਆ ਨੂੰ ਵਿਖਾਇਆ ਕਿ ਜਨੂੰਨ ਤੇ ਸਮਰਪਣ ਦੀ ਭਾਵਨਾ ਨਾਲ ਅਸੀਂ ਇੰਨੀ ਦੂਰ ਤੱਕ ਜਾ ਸਕਦੇ ਹਾਂ। ਤੁਸੀਂ ਸਾਨੂੰ ਪ੍ਰੇਰਿਤ ਕੀਤਾ ਹੈ ਤੇ ਤੁਸੀਂ ਹਰ ਵਾਰ ਸਾਨੂੰ ਮਾਣਮੱਤੇ ਬਣਾਇਆ ਹੈ #Legend.’
ਭਾਰਤੀ ਬਾਕਸਰਾਂ ਦੇ ਚਿਹਰੇ ਮੈਰੀ ਕੌਮ ਨੂੰ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ੍ਹ ਵੀਰਵਾਰ ਨੂੰ ਜੱਜਾਂ ਨੇ ਵੰਡਵਾਂ ਫ਼ੈਸਲਾ ਦਿੱਤਾ ਤੇ ਮੈਰੀ ਕੌਮ ਹਾਰ ਗਏ ਤੇ ਕੋਲੰਬੀਆ ਦੇ ਇੰਗ੍ਰਿਤ ਵੇਲੈਂਸੀਆ ਨੇ ਜਿੱਤ ਹਾਸਲ ਕੀਤੀ।
ਮੈਚ ਹਾਰਨ ਤੋਂ ਬਾਅਦ ਮੈਰੀ ਕੌਮ ਨੇ ਜੱਜਾਂ ਦੇ ਨਤੀਜੇ 'ਤੇ ਸਵਾਲ ਵੀ ਖੜ੍ਹੇ ਕੀਤੇ ਸਨ। ਸ਼ੁੱਕਰਵਾਰ ਸਵੇਰੇ ਮੈਰੀ ਕਾਮ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਮੈਚ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਮੁੱਕੇਬਾਜ਼ੀ ਰਿੰਗ ਵਿੱਚ ਆਪਣੀ ਡ੍ਰੈੱਸ ਬਦਲਣ ਲਈ ਕਿਹਾ ਗਿਆ ਸੀ।
ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਟਵੀਟ ਕਰਕੇ ਕਿਹਾ ਕੀ ਕੋਈ ਦੱਸ ਸਕਦਾ ਹੈ ਕਿ ਰਿੰਗ ਵਿੱਚ ਡ੍ਰੈੱਸ ਕੀ ਹੋਵੇਗੀ। ਮੈਨੂੰ ਪ੍ਰੀ-ਕੁਆਰਟਰ ਮੁਕਾਬਲੇ ਦੀ ਸ਼ੁਰੂਆਤ ਤੋਂ ਇਕ ਮਿੰਟ ਪਹਿਲਾਂ ਆਪਣੀ ਰਿੰਗ ਡ੍ਰੈੱਸ ਬਦਲਣ ਲਈ ਕਿਹਾ ਗਿਆ ਸੀ।
ਮੈਰੀ ਕੌਮ ਨੂੰ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਮੁਕਾਬਲੇ ਵਿਚ ਕੋਲੰਬੀਆ ਦੀ ਮੁੱਕੇਬਾਜ਼ ਅਤੇ 2016 ਰੀਓ ਓਲੰਪਿਕ ਤਮਗਾ ਜੇਤੂ ਇੰਗ੍ਰਿਤ ਵੇਲੈਂਸੀਆ ਨੇ 3-2 ਨਾਲ ਹਰਾਇਆ। 38 ਸਾਲਾ ਮੈਰੀ ਕੌਮ ਨੇ ਪਿਛਲੇ 16 ਮੈਚਾਂ ਵਿੱਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਦੂਜਾ ਸੈੱਟ ਜਿੱਤਿਆ। ਪਰ ਆਖਰੀ ਸੈੱਟ ਵਿੱਚ, ਇੱਕ ਵਾਰ ਫਿਰ ਇੰਗ੍ਰਿਟ ਨੇ ਉਨ੍ਹਾਂ ਨੂੰ ਹਰਾ ਦਿੱਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੈਰੀ ਕੌਮ ਨੇ ਪਹਿਲੇ ਦੌਰ ਵਿੱਚ ਡੋਮਿਨਿਕਾ ਗਣਰਾਜ ਦੀ ਮਿਗੁਲੀਨਾ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ ਸੀ। 2012 ਦੀਆਂ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੈਰੀ ਕੌਮ ਨੇ ਆਪਣੇ ਤੋਂ 15 ਸਾਲ ਛੋਟੀ ਅਤੇ ਪੈਨ ਅਮੈਰੀਕਨ ਖੇਡਾਂ ਦੀ ਕਾਂਸੀ ਤਮਗਾ ਜੇਤੂ ਨੂੰ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।