Tokyo Olympic: ਮੰਗਲਵਾਰ ਸੈਮੀਫਾਇਨਲ ਮੁਕਾਬਲਾ ਖੇਡਦਿਆਂ ਬੈਲਜੀਅਮ ਤੋਂ ਮਿਲੀ ਹਾਰ ਭਾਰਤੀ ਟੀਮ ਲਈ ਨਿਰਾਸ਼ਾ ਵਾਲੀ ਗੱਲ ਹੈ। ਪਰ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਪੀਆਰ ਸ੍ਰੀਜੇਸ਼ ਨੇ ਕਿਹਾ ਕਿ ਟੀਮ ਕੋਲ ਦੁਖੀ ਹੋਣ ਦਾ ਸਮਾਂ ਨਹੀਂ ਹੈ। ਕਿਉਂਕਿ ਵੀਰਵਾਰ ਕਾਂਸੀ ਦੇ ਤਗਮੇ ਲਈ ਖੇਡ 'ਤੇ ਮੁੜ ਫੋਕਸ ਕਰਨਾ ਪਵੇਗਾ।


ਮੰਗਲਵਾਰ ਭਾਰਤੀ ਪੁਰਸ਼ ਹਾਕੀ ਟੀਮ ਬੈਲਜੀਅਮ ਤੋਂ 2-5 ਦੇ ਫਰਕ ਨਾਲ ਹਾਰ ਗਈ ਸੀ। ਮਨਪ੍ਰੀਤ ਨੇ ਹਾਰ ਤੋਂ ਬਾਅਦ ਕਿਹਾ, 'ਇਹ ਮੇਰੇ ਲਈ ਸਚਮੁੱਚ ਬਹੁਤ ਮੁਸ਼ਕਿਲ ਸਮਾਂ ਹੈ ਕਿਉਂਕਿ ਅਸੀਂ ਜਿੱਤਣ ਦੇ ਇਰਾਦੇ ਨਾਲ ਆਏ ਹਾਂ, ਪਰ ਬਦਕਿਸਮਤੀ ਨਾਲ ਅਸੀਂ ਸੈਮੀਫਾਇਨਲ ਮੈਚ ਜਿੱਤ ਨਹੀਂ ਸਕੇ।'


ਉਨ੍ਹਾਂ ਕਿਹਾ, 'ਲੰਮੇ ਸਮੇਂ ਬਾਅਦ ਸੈਮੀਫਾਇਨਲ 'ਚ ਪਹੁੰਚਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪਰ ਹੁਣ ਸਾਨੂੰ ਹੋਰ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਕਿਉਂਕਿ ਅਗਲਾ ਮੈਚ ਸਾਡੇ ਲਈ ਬਹੁਤ ਅਹਿਮ ਰਹਿਣ ਵਾਲਾ ਹੈ।' ਉਨ੍ਹਾਂ ਕਿਹਾ ਸਾਨੂੰ ਘੱਟੋ-ਘੱਟ ਦੇਸ਼ ਲਈ ਕਾਂਸੇ ਦਾ ਤਗਮਾ ਜਿੱਤਣਾ ਚਾਹੀਦਾ ਹੈ।


ਭਾਰਤੀ ਕਪਤਾਨ ਨੇ ਕਿਹਾ, 'ਪਿਛਲੇ ਪੰਜ ਸਾਲ ਤੋਂ ਜਿਸ ਤਰ੍ਹਾਂ ਸਖਤ ਮਿਹਨਤ ਕੀਤੀ ਸੀ ਭਾਰਤ ਮੰਗਲਵਾਰ ਬਿਹਤਰ ਨਤੀਜੇ ਦਾ ਹੱਕਦਾਰ ਸੀ। ਉਨ੍ਹਾਂ ਕਿਹਾ ਟੀਮ ਪਿਛਲੇ ਪੰਜ ਸਾਲ ਤੋਂ ਇਕੱਠੀ ਰਹੀ ਹੈ। ਅਸੀਂ ਇਸ ਪੱਧਰ 'ਤੇ ਪਹੁੰਚਣ ਲਈ ਸੱਚਮੁੱਚ ਬੁਹਤ ਮਿਹਨਤ ਕੀਤੀ ਹੈ। ਅਸੀਂ ਬਿਹਤਰ ਦੇ ਹੱਕਦਾਰ ਸੀ ਪਰ ਅਸੀਂ ਮੈਚ ਹਾਰ ਗਏ।'


ਸ਼੍ਰੀਜੇਸ਼ ਨੇ ਆਪਣੇ ਕਪਤਾਨ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਬੈਲਜੀਅਮ ਵਿਰੁੱਧ ਹਾਰ ਹੁਣ ਬੀਤੇ ਦੀ ਗੱਲ ਹੈ ਅਤੇ ਟੀਮ ਨੂੰ ਇੱਥੋਂ ਤਗਮਾ ਲੈ ਕੇ ਘਰ ਵਾਪਸੀ 'ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਸਾਡੇ ਕੋਲ ਅਜੇ ਵੀ ਮੈਡਲ ਜਿੱਤਣ ਦਾ ਮੌਕਾ ਹੈ ਤੇ ਇਹ ਨਿਰਾਸ਼ ਹੋਣ ਨਾਲੋਂ ਵੱਧ ਮਹੱਤਵਪੂਰਨ ਹੈ।


ਉਨ੍ਹਾਂ ਕਿਹਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਭਵਿੱਖ ਬਾਰੇ ਸੋਚੀਏ, ਮੈਚ ਦੇਖੀਏ, ਦੇਖੀਏ ਕਿ ਅਸੀਂ ਕਿੱਥੇ ਗਲਤੀ ਕੀਤੀ। ਗਲਤੀਆਂ ਸੁਧਾਰੀਏ ਤੇ ਅੱਗੇ ਵਧੀਏ।