ਕ੍ਰਾਇਸਟਚਰਚ - ਨਿਊਜ਼ੀਲੈਂਡ ਦੀ ਟੀਮ ਨੇ ਕ੍ਰਾਇਸਟਚਰਚ ਦੇ ਮੈਦਾਨ 'ਤੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਪਾਕਿਸਤਾਨ ਨੂੰ ਪਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰਖਿਆ। ਕੀਵੀ ਟੀਮ ਦੀ ਦਮਦਾਰ ਗੇਂਦਬਾਜ਼ੀ ਸਦਕਾ ਪਾਕਿਸਤਾਨ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ 129 ਰਨ 'ਤੇ 7 ਵਿਕਟ ਗਵਾ ਦਿੱਤੇ ਸਨ। ਪਾਕਿਸਤਾਨ ਨੂੰ 62 ਰਨ ਦੀ ਲੀਡ ਹਾਸਿਲ ਹੈ ਅਤੇ ਪਾਕਿਸਤਾਨ ਕੋਲ ਸਿਰਫ 3 ਵਿਕਟ ਬਚੇ ਹਨ।
ਨਿਊਜ਼ੀਲੈਂਡ - 200 ਆਲ ਆਊਟ
ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ 104/3 ਤੋਂ ਆਪਣਾ ਸਕੋਰ ਅੱਗੇ ਵਧਾਇਆ। ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ 'ਚ 200 ਰਨ 'ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਲਈ ਪਹਿਲੀ ਪਾਰੀ 'ਚ ਡੈਬਿਊ ਕਰ ਰਹੇ ਜੀਤ ਰਾਵਲ ਨੇ 55 ਰਨ ਦੀ ਪਾਰੀ ਖੇਡੀ। ਪਾਕਿਸਤਾਨ ਲਈ ਰਾਹਤ ਅਲੀ ਨੇ 4 ਵਿਕਟ ਝਟਕੇ ਜਦਕਿ ਸੋਹੇਲ ਖਾਨ ਅਤੇ ਮੋਹੰਮਦ ਆਮਿਰ ਨੇ 3-3 ਵਿਕਟ ਹਾਸਿਲ ਕੀਤੇ।
ਪਾਕਿਸਤਾਨ - 50 ਓਵਰਾਂ 'ਚ 80 ਰਨ
ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 67 ਰਨ ਦੀ ਲੀਡ ਹਾਸਿਲ ਹੋ ਗਈ ਸੀ। ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਵਿਕਟ 'ਤੇ ਕੀਵੀ ਗੇਂਦਬਾਜ਼ਾਂ ਨੇ ਦਮਦਾਰ ਗੇਂਦਬਾਜ਼ੀ ਕੀਤੀ ਅਤੇ ਪਾਕਿਸਤਾਨੀ ਬੱਲੇਬਾਜ ਬੇਹਦ ਡਿਫੈਂਸਿਵ ਐਪਰੋਚ ਨਾਲ ਖੇਡਦੇ ਨਜਰ ਆਏ। ਹਾਲ ਇਹ ਸੀ ਕਿ ਦੂਜੀ ਪਾਰੀ ਦੇ ਪਹਿਲੇ 50 ਓਵਰਾਂ ਦੌਰਾਨ ਪਾਕਿਸਤਾਨੀ ਟੀਮ ਨੇ ਸਿਰਫ 80 ਰਨ ਬਣਾਏ। ਇਹ ਪਿਛਲੇ 15 ਸਾਲ 'ਚ ਪਾਕਿਸਤਾਨ ਲਈ ਪਾਰੀ ਦੇ 50 ਓਵਰਾਂ 'ਚ ਬਣਾਇਆ ਸਭ ਤੋਂ ਘਟ ਸਕੋਰ ਹੈ। ਸਲਾਮੀ ਬੱਲੇਬਾਜ ਅਜ਼ਹਰ ਅਲੀ ਨੇ 173 ਗੇਂਦਾਂ 'ਤੇ 31 ਰਨ ਦੀ ਪਾਰੀ ਖੇਡੀ। ਦਿਨ ਦਾ ਖੇਡ ਖਤਮ ਹੋਣ ਤਕ ਪਾਕਿਸਤਾਨ ਦੀ ਟੀਮ ਨੇ 129 ਰਨ 'ਤੇ 7 ਵਿਕਟ ਗਵਾ ਦਿੱਤੇ ਸਨ।