BWF World Championships 2023 - ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਐਚ.ਐਸ ਪ੍ਰਣਯ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸਲਸਨ ਨੂੰ ਕੁਆਰਟਰ ਫਾਈਨਲ ਵਿੱਚ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਪੱਕਾ ਕਰ ਲਿਆ ਹੈ। ਉਸਦਾ ਅਗਲਾ ਮੁਕਾਬਲਾ ਥਾਈਲੈਂਡ ਦੇ ਕੁਨਲਾਵਤ ਵਿਤਿਦਸਰਨ ਨਾਲ ਹੋਵੇਗਾ। ਪ੍ਰਣਯ ਨੇ 68 ਮਿੰਟ ਤੱਕ ਚੱਲੇ ਤਿੰਨ ਗੇਮਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਨੂੰ 13-21, 21-15, 21-16 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ 'ਚ ਪ੍ਰਣਯ ਦਾ ਇਹ ਪਹਿਲਾ ਤਮਗਾ ਹੋਵੇਗਾ। 


ਪਹਿਲੀ ਗੇਮ ਵਿੱਚ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਆਪਣੀ ਲੈਅ ਲੱਭਣ ਵਿੱਚ ਸਮਾਂ ਲਿਆ ਅਤੇ ਉਦੋਂ ਤੱਕ ਸਥਾਨਕ ਸਟਾਰ ਵਿਕਟਰ 11-5 ਨਾਲ ਅੱਗੇ ਸੀ। ਵਿਕਟਰ ਨੇ ਕੋਰਟ 'ਤੇ ਆਪਣੀ ਚੁਸਤੀ ਨਾਲ ਅੱਗੇ ਵਧਣਾ ਜਾਰੀ ਰੱਖਿਆ ਅਤੇ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ। ਦੂਜੇ ਗੇਮ ਵਿੱਚ ਭਾਰਤੀ ਖਿਡਾਰੀ ਨੇ ਲੈਅ ਬਦਲੀ। ਉਸ ਨੇ ਲੰਬੀਆਂ ਰੈਲੀਆਂ ਤੋਂ ਬਾਅਦ ਅੰਕ ਇਕੱਠੇ ਕੀਤੇ। ਉਸ ਨੇ ਨਾ ਸਿਰਫ ਡੈਨਿਸ਼ ਖਿਡਾਰੀ ਦੇ ਸਮੈਸ਼ 'ਤੇ ਚੰਗੀ ਖੇਡ ਦਿਖਾਈ ਸਗੋਂ ਨੈੱਟ 'ਤੇ ਡਰਾਪ ਸ਼ਾਟ ਵੀ ਖੇਡੇ। ਦੂਸਰੀ ਗੇਮ 21-15 ਨਾਲ ਜਿੱਤ ਕੇ ਮੈਚ ਨੂੰ ਫੈਸਲਾਕੁੰਨ ਵੱਲ ਮੋੜ ਦਿੱਤਾ। 


ਤੀਜੇ ਗੇਮ 'ਚ ਪ੍ਰਣਯ ਦਾ ਦਬਦਬਾ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਅੰਤਰਾਲ ਤੱਕ 11-6 ਦੀ ਬੜ੍ਹਤ ਬਣਾ ਲਈ ਸੀ। ਦੂਜੇ ਪਾਸੇ, ਵਿਕਟਰ 'ਤੇ ਥਕਾਵਟ ਹਾਵੀ ਜਾਪਦੀ ਸੀ। ਪ੍ਰਣਯ 'ਤੇ ਕਾਫੀ ਦਬਾਅ ਸੀ ਕਿਉਂਕਿ ਵਿਕਟਰ ਨੂੰ ਘਰੇਲੂ ਦਰਸ਼ਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਸੀ। ਐਚਐਸ ਪ੍ਰਣਯ ਨੇ ਕਿਹਾ, “ਹਾਂ, ਆਖਰਕਾਰ ਮੈਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਿਆ। ਮੇਰਾ ਪੂਰਾ ਧਿਆਨ ਮੈਚ 'ਤੇ ਸੀ। ਮੇਰਾ ਧਿਆਨ ਸਿਰਫ਼ ਅੰਕ ਹਾਸਲ ਕਰਨ 'ਤੇ ਸੀ। 


ਇਸਤੋਂ ਇਲਾਵਾ  ਪੀਵੀ ਸਿੰਧੂ ਨੇ ਇੱਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਸ ਦੇ ਨਾਲ ਹੀ ਸਾਇਨਾ ਨੇਹਵਾਲ ਨੇ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ ਹੈ। ਕਿੰਦਾਬੀ ਸ਼੍ਰੀਕਾਂਤ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਪ੍ਰਕਾਸ਼ ਪਾਦੂਕੋਣ, ਬੀ ਸਾਈ ਪ੍ਰਣੀਤ ਅਤੇ ਲਕਸ਼ਯ ਸੈਨ ਨੇ ਕਾਂਸੀ ਦੇ ਤਗਮੇ ਜਿੱਤੇ ਹਨ। ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਡਬਲਜ਼ ਵਿੱਚ ਕਾਂਸੀ ਦੇ ਤਗ਼ਮੇ ਤੇ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਨੇ ਮਹਿਲਾ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।


ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਡਬਲਜ਼ ਜੋੜੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਦੂਜੇ ਤਮਗੇ ਤੋਂ ਖੁੰਝ ਗਈ। ਵਿਸ਼ਵ ਦੀ ਦੂਜੇ ਨੰਬਰ ਦੀ ਜੋੜੀ ਨੂੰ 48 ਮਿੰਟਾਂ ਵਿੱਚ ਕੁਆਰਟਰ ਫਾਈਨਲ ਵਿੱਚ ਡੈਨਮਾਰਕ ਦੇ ਕਿਮ ਐਸਤਰੂਪ ਅਤੇ ਆਂਦਰਿਆਸ ਰਾਸਮੁਸੇਨ ਤੋਂ 18-12, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਤਵਿਕ ਅਤੇ ਚਿਰਾਗ ਨੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤੀ ਜੋੜੀ 2021 ਵਿੱਚ ਇਸ ਡੈਨਿਸ਼ ਜੋੜੀ ਨਾਲ ਭਿੜ ਚੁੱਕੀ ਸੀ। ਇਸ ਮੈਚ ਤੋਂ ਪਹਿਲਾਂ ਭਾਰਤੀ ਜੋੜੀ ਦਾ ਵਿਰੋਧੀ ਜੋੜੀ ਖਿਲਾਫ 2-5 ਦੀ ਜਿੱਤ-ਹਾਰ ਦਾ ਰਿਕਾਰਡ ਸੀ।