PT Usha meets protesting wrestlers: ਸੋਸ਼ਲ ਮੀਡੀਆ ਉੱਪਰ ਅਲੋਚਨਾ ਮਗਰੋਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਮੁਖੀ ਪੀਟੀ ਊਸ਼ਾ ਨੇ ਯੂ-ਟਰਨ ਲੈ ਲਿਆ ਹੈ। ਪੀਟੀ ਊਸ਼ਾ ਨੇ ਹੁਣ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਭਲਵਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪਹਿਲਾਂ ਉਨ੍ਹਾਂ ਨੇ ਭਲਵਾਨਾਂ ਦੇ ਧਰਨੇ ਨੂੰ ਗਲਤ ਦੱਸਿਆ ਸੀ ਜਿਸ ਕਰਕੇ ਉਨ੍ਹਾਂ ਦੀ ਅਲੋਚਨਾ ਹੋਈ ਸੀ। 


ਪੀਟੀ ਊਸ਼ਾ ਨੇ ਬੁੱਧਵਾਰ ਨੂੰ ਜੰਤਰ-ਮੰਤਰ ’ਤੇ ਧਰਨੇ ਵਾਲੀ ਥਾਂ ਪੁੱਜ ਕੇ ਭਲਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਵੱਲੋਂ ਹਮਾਇਤ ਦੇਣ ਦਾ ਭਰੋਸਾ ਦਿੱਤਾ। ਊਸ਼ਾ ਨੇ ਕਿਹਾ ਕਿ ਪਹਿਲਾਂ ਉਹ ਇੱਕ ਅਥਲੀਟ ਤੇ ਮਗਰੋਂ ਪ੍ਰਸ਼ਾਸਕ ਹੈ। ਉਧਰ ਪਹਿਲਵਾਨਾਂ ਨੇ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣਗੇ। 


ਦੱਸ ਦਈਏ ਕਿ ਊਸ਼ਾ ਨੇ ਪਹਿਲਵਾਨਾਂ ਵੱਲੋਂ ਜੰਤਰ ਮੰਤਰ ’ਤੇ ਮੁੜ ਧਰਨਾ ਲਾਉਣ ਨੂੰ ਅਨੁਸ਼ਾਸਣਹੀਣਤਾ ਦੱਸਿਆ ਸੀ। ਊਸ਼ਾ ਨੇ ਕਿਹਾ ਸੀ ਕਿ ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨਾ ਲਾਉਣ ਦੀ ਥਾਂ ਆਪਣੇ ਮਸਲਿਆਂ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਤੱਕ ਪਹੁੰਚ ਕਰਨੀ ਚਾਹੀਦੀ ਸੀ। ਵੱਖ-ਵੱਖ ਧਿਰਾਂ ਨੇ ਇਸ ਬਿਆਨ ਨੂੰ ਪਹਿਲਵਾਨਾਂ ਪ੍ਰਤੀ ਅਸੰਵੇਦਨਸ਼ੀਲਤਾ ਦੱਸਦਿਆਂ ਸਾਬਕਾ ਸਪਰਿੰਟਰ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। 



ਊਸ਼ਾ ਧਰਨੇ ਵਿੱਚ ਕੁਝ ਦੇਰ ਲਈ ਬੈਠੀ ਤੇ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾਂ ਹੀ ਉੱਥੋਂ ਚਲੀ ਗਈ। ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਆਈਓਏ ਮੁਖੀ ਨੇ ਮਦਦ ਦਾ ਭਰੋਸਾ ਦਿੱਤਾ ਹੈ। ਬਜਰੰਗ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸ਼ੁਰੂਆਤ ਵਿੱਚ ਜਦੋਂ ਉਨ੍ਹਾਂ (ਊਸ਼ਾ) ਉਪਰੋਕਤ ਬਿਆਨ ਦਿੱਤਾ ਸੀ, ਸਾਨੂੰ ਬਹੁਤ ਬੁਰਾ ਲੱਗਿਆ ਸੀ ਪਰ ਫਿਰ ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਅਰਥਾਂ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਅਥਲੀਟ ਤੇ ਮਗਰੋਂ ਪ੍ਰਸ਼ਾਸਕ ਹੈ।’’


ਹੋਰ ਪੜ੍ਹੋ : ਕੀ ਅਸੀਂ ਇਹ ਦਿਨ ਵੇਖਣ ਲਈ ਮੈਡਲ ਜਿੱਤੇ? ਫੁੱਟ-ਫੁੱਟ ਕੇ ਰੋਈ ਵਿਨੇਸ਼ ਫੋਗਾਟ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।