ਚੰਡੀਗੜ੍ਹ: ਪੰਜਾਬ ‘ਚ ਮੁੜ ਖੇਡ ਸੱਭਿਆਚਾਰ ਪੈਦਾ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਖੇਡਾਂ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਹੌਸਲਾ ਵਧਾਇਆ ਜਾਵੇ। ਸੂਬਾ ਸਰਕਾਰ ਵੱਖ-ਵੱਖ ਖੇਡਾਂ ਨਾਲ ਸਬੰਧਤ ਖਿਡਾਰੀਆਂ ਨੂੰ ਉਪਕਰਣ ਅਤੇ ਖਾਣ-ਪੀਣ/ ਡਾਇਟ ਦੇਣ ਲਈ ਵੀ ਅਸਰਦਾਰ ਨੀਤੀ ਬਣਾਏਗੀ। 


ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਖੇਲੋ ਇੰਡੀਆ-2022 ਦੇ ਜੇਤੂ ਖਿਡਾਰੀਆਂ ਨਾਲ ਰੂਬਰੂ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਖਿਡਾਰੀਆਂ  ਨੂੰ ਮਿਹਨਤ ਕਰਕੇ ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇੱਕ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਖੇਡ ਸੱਭਿਆਚਾਰ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਖੇਡਾਂ ਨਾਲ ਬਹੁਤ ਪੁਰਾਣਾ ਨਾਤਾ ਹੈ ਅਤੇ ਪੰਜਾਬੀ ਮਿਹਨਤ ਕਰਕੇ ਅੱਗੇ ਵਧਣਾ ਜਾਣਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਚੰਗੇ ਨਾਗਰਿਕ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਨਕਦ ਇਨਾਮ, ਖਾਣ-ਪੀਣ/ ਡਾਇਟ ਦੇਣ ਸੰਬੰਧੀ ਨੀਤੀ ਬਣਾਵੇਗੀ। 


ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ ਪੇਸ਼ ਕੀਤੇ ਪੰਜਾਬ ਬਜਟ ‘ਚ ਖੇਡਾਂ ਦਾ ਸਲਾਨਾ ਬਜਟ ਵਧਾ ਕੇ 223 ਕਰੋੜ ਕੀਤਾ ਗਿਆ ਹੈ, ਜੋ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਤਹਿਤ ਖੇਲੋ ਇੰਡੀਆ ਖੇਡਾਂ ਵਿੱਚ ਗੋਲ਼ਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ, ਸਿਲਵਰ ਮੈਡਲ ਜੇਤੂ ਨੂੰ 30 ਹਜ਼ਾਰ ਰਪੁਏ ਅਤੇ ਬਰਾਊਂਜ ਮੈਡਲ ਜੇਤੂ ਨੂੰ 20 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤਾ ਜਾਵੇਗਾ।


ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਖੇਡਾਂ ‘ਤ ਭਾਵੇਂ ਪੰਜਾਬ ਦੀ ਓਵਰਆਲ 9ਵੀਂ ਪੁਜ਼ੀਸ਼ਨ ਆਈ ਹੈ ਪਰ ਪੰਜਾਬੀ ਖਿਡਾਰੀ ਸ਼ਾਨਦਾਰ ਖੇਡੇ ਹਨ ਅਤੇ ਉਨ੍ਹਾਂ ਨੇ ਮੈਡਲ ਵੀ ਜਿੱਤੇ ਹਨ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਤੇ ਪ੍ਰੇਰਨਾ ਦਿੰਦਿਆਂ ਕਿਹਾ ਕਿ,’’ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹੋ, ਪੱਕੇ ਇਰਾਦੇ ਨਾਲ ਨਿਸ਼ਾਨਾ ਮਿੱਥ ਕੇ ਅੱਗੇ ਵਧਦੇ ਰਹੋ।’’ 


ਮੀਤ ਹੇਅਰ ਨੇ ਖਿਡਾਰੀਆਂ ਨੂੰ ਆਪਣੇ ਮਾਤਾ-ਪਿਤਾ, ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਖਿਡਾਰੀ ਲਈ ਸਮਾਂ ਸਾਂਭਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜੇਕਰ ਸਮਾਂ ਨਾ ਸਾਂਭਿਆ ਤਾਂ ਮੁੜ ਮੌਕਾ ਮਿਲਣਾ ਯਕੀਨੀ ਨਹੀਂ ਹੁੰਦਾ। ਉਨ੍ਹਾਂ ਖਿਡਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਕੁਦਰਤੀ ਸ਼ਕਤੀ ਨਾਲ ਅੱਗੇ ਵਧਣ ਅਤੇ ਪ੍ਰਫਾਰਮੈਂਸ ਵਧਾਉਣ ਲਈ ਗਲਤ ਦਵਾਈਆਂ ਖਾਣ ਤੋਂ ਗੁਰੇਜ਼ ਕਰਨ। 


ਇਸ ਮੌਕੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਕੋਚ, ਜ਼ਿਲ੍ਹਾ ਸਪੋਰਟਸ ਅਫਸਰ ਤੇ ਖਿਡਾਰੀ ਹਾਜ਼ਰ ਸਨ ।