ਨਵੀਂ ਦਿੱਲੀ: ਟੀਮ ਇੰਡੀਆ ਨੂੰ ਆਸਟ੍ਰੇਲਿਆਈ ਦੌਰੇ ਉੱਤੇ ਪਹਿਲੇ ਦੋ ਵਨਡੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਨਡੇ ਲੜੀ ਗੁਆਉਣ ਤੋਂ ਬਾਅਦ ਵਿਰਾਟ ਕੋਹਲੀ ਇੱਕ ਵਾਰ ਫਿਰ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਵਿਰਾਟ ਦੀ ਕਪਤਾਨੀ ਸਮਝ ’ਚ ਨਹੀਂ ਆਉਂਦੀ ਹੈ।
ਐਤਵਾਰ ਨੂੰ ਖੇਡੇ ਗਏ ਦੂਜੇ ਵਨ–ਡੇਅ ਮੁਕਾਬਲੇ ’ਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਨੇ 390 ਦੌੜਾਂ ਦੀ ਚੁਣੌਤੀ ਦਿੱਤੀ ਸੀ। ਇੰਡੀਅਨ ਟੀਮ 50 ਓਵਰਾਂ ਵਿੱਚ 338 ਦੌੜਾਂ ਹੀ ਬਣਾ ਸਕੀ ਤੇ ਉਸ ਨੇ ਇੱਕ ਮੈਚ ਬਾਕੀ ਰਹਿੰਦੇ ਹੋਏ ਹੀ ਆਸਟ੍ਰੇਲੀਆ ਨੂੰ ਲੜੀ ਵਿੱਚ ਬੜ੍ਹਤ ਬਣਾਉਣ ਦਾ ਮੌਕਾ ਦੇ ਦਿੱਤਾ। ਟੀਮ ਇੰਡੀਆ ਪਹਿਲਾ ਵਨਡੇ 66 ਦੌੜਾਂ ਨਾਲ ਹਾਰ ਗਈ ਸੀ।
ਗੰਭੀਰ ਨੇ ਦੋ ਓਵਰਾਂ ਬਾਅਦ ਹੀ ਬੁਮਰਾਹ ਨੂੰ ਗੇਂਦਬਾਜ਼ੀ ਦੇ ਫ਼ੈਸਲੇ ਨਾਲ ਹਟਾਉਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,‘ਵਿਰਾਟ ਦੀ ਕਪਤਾਨੀ ਸਮਝ ਨਹੀਂ ਆਉਂਦੀ, ਅਸੀਂ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਵਿਕੇਟ ਲੈਣਾ ਕਿੰਨਾ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਆਪਣੇ ਸਭ ਤੋਂ ਬਿਹਤਰ ਗੇਂਦਬਾਜ਼ ਹਟਾ ਦੇਵੋਗੇ, ਤਾਂ ਕਿਵੇਂ ਚੱਲੇਗਾ। ਬੁਮਰਾਹ ਨਾਲ 4-3-3 ਓਵਰ ਦਾ ਸਪੈਲ ਕਰਵਾਉਣਾ ਚਾਹੀਦਾ ਹੈ।’
ਗੰਭੀਰ ਨੇ ਅੱਗੇ ਕਿਹਾ,‘ਤੁਸੀਂ ਆਪਣੇ ਮੁੱਖ ਗੇਂਦਬਾਜ਼ ਨੂੰ ਦੋ ਓਵਰਾਂ ਤੋਂ ਬਾਅਦ ਹੀ ਹਟਾ ਦਿੱਤਾ। ਇਸ ਗੱਲ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ। ਇਹ ਟੀ-20 ਵਿਕੇਟ ਨਹੀਂ ਹੈ, ਜੋ ਤੁਸੀਂ ਕੀਤਾ ਹੈ, ਉਸ ਨੂੰ ਬੇਹੱਦ ਖ਼ਰਾਬ ਕਪਤਾਨੀ ਹੀ ਆਖਿਆ ਜਾਵੇਗਾ।’ ਗੰਭੀਰ ਨੇ ਕਿਹਾ ਕਿ ਸ਼ਿਵਮ ਦੁਬੇ ਅਤੇ ਸੁੰਦਰ ਵਧੀਆ ਬਦਲ ਹੋ ਸਕਦੇ ਹਨ। ਉਹ ਟੀਮ ਨਾਲ ਆਸਟ੍ਰੇਲੀਆ ’ਚ ਹਨ ਤੇ ਉਨ੍ਹਾਂ ਨੂੰ ਵਨਡੇ ਟੀਮ ਵਿੱਚ ਮੌਕਾ ਦੇਣਾ ਚਾਹੀਦਾ ਹੈ।