Rahmanullah Gurbaz Surpasses MS Dhoni Record: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ ਦੂਜਾ ਵਨਡੇ ਮੈਚ ਬਹੁਤ ਰੋਮਾਂਚਕ ਰਿਹਾ। ਇਸ ਮੈਚ 'ਚ ਦੋਵਾਂ ਟੀਮਾਂ ਵੱਲੋਂ ਸ਼ਾਨਦਾਰ ਖੇਡ ਦੇਖਣ ਨੂੰ ਮਿਲੀ ਪਰ ਅੰਤ 'ਚ ਪਾਕਿਸਤਾਨ ਨੇ ਇਹ ਮੈਚ 1 ਵਿਕਟ ਨਾਲ ਜਿੱਤ ਲਿਆ। ਇਸ ਮੈਚ 'ਚ ਅਫਗਾਨਿਸਤਾਨ ਦੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਨੇ 50 ਓਵਰਾਂ 'ਚ 300 ਦੌੜਾਂ ਬਣਾਈਆਂ। ਇਸ 'ਚ 21 ਸਾਲਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀ 151 ਦੌੜਾਂ ਦੀ ਰਿਕਾਰਡ ਤੋੜ ਪਾਰੀ ਨੇ ਅਹਿਮ ਭੂਮਿਕਾ ਨਿਭਾਈ।
ਰਹਿਮਾਨਉੱਲ੍ਹਾ ਗੁਰਬਾਜ਼ ਨੇ ਆਪਣੀ ਪਾਰੀ ਦੇ ਦਮ 'ਤੇ 3 ਦਿੱਗਜ ਖਿਡਾਰੀਆਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। 21 ਸਾਲ ਦੀ ਉਮਰ 'ਚ 5 ਵਨਡੇ ਸੈਂਕੜੇ ਲਗਾ ਕੇ ਗੁਰਬਾਜ਼ ਇਸ ਉਮਰ 'ਚ ਸਚਿਨ ਤੇਂਦੁਲਕਰ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਸੂਚੀ 'ਚ ਦੱਖਣੀ ਅਫਰੀਕਾ ਦਾ ਕਵਿੰਟਨ ਡੀ ਕਾਕ ਅਤੇ ਸ਼੍ਰੀਲੰਕਾ ਦਾ ਉਪੁਲ ਥਰੰਗਾ 6-6 ਸੈਂਕੜਿਆਂ ਦੇ ਨਾਲ ਚੋਟੀ 'ਤੇ ਹਨ।
151 ਦੌੜਾਂ ਦੀ ਆਪਣੀ ਪਾਰੀ ਨਾਲ ਰਹਿਮਾਨਉੱਲ੍ਹਾ ਗੁਰਬਾਜ਼ ਪਾਕਿਸਤਾਨ ਦੇ ਖਿਲਾਫ ਸੈਂਕੜਾ ਲਗਾਉਣ ਵਾਲਾ ਅਫਗਾਨਿਸਤਾਨ ਦਾ ਪਹਿਲਾ ਖਿਡਾਰੀ ਬਣ ਗਿਆ। ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਗੁਰਬਾਜ਼ ਨੇ ਧੋਨੀ ਦੇ ਰਿਕਾਰਡ ਨੂੰ ਵੀ ਤਬਾਹ ਕਰ ਦਿੱਤਾ ਹੈ। ਸਾਲ 2005 ਵਿੱਚ, ਧੋਨੀ ਨੇ ਪਾਕਿਸਤਾਨ ਦੇ ਖਿਲਾਫ 148 ਦੌੜਾਂ ਦੀ ਪਾਰੀ ਖੇਡੀ, ਜੋ ਵਨਡੇ ਵਿੱਚ ਪਾਕਿਸਤਾਨ ਦੇ ਖਿਲਾਫ ਕਿਸੇ ਵੀ ਵਿਕਟਕੀਪਰ ਦੁਆਰਾ ਸਭ ਤੋਂ ਵੱਧ ਪਾਰੀ ਸੀ। ਹੁਣ ਗੁਰਬਾਜ਼ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਗੁਰਬਾਜ ਨੇ ਸਿਰਫ 23 ਵਨਡੇ ਪਾਰੀਆਂ 'ਚ 5 ਸੈਂਕੜੇ ਲਗਾਏ
ਰਹਿਮਾਨਉੱਲ੍ਹਾ ਗੁਰਬਾਜ਼ ਨੇ ਵਨਡੇ 'ਚ ਆਪਣੇ 5 ਸੈਂਕੜੇ ਪੂਰੇ ਕਰਨ ਲਈ ਸਿਰਫ 23 ਪਾਰੀਆਂ ਖੇਡੀਆਂ। ਇਸ ਮਾਮਲੇ 'ਚ ਪਾਕਿਸਤਾਨੀ ਟੀਮ ਦੇ ਮੌਜੂਦਾ ਕਪਤਾਨ ਬਾਬਰ ਆਜ਼ਮ ਨੇ 25 ਪਾਰੀਆਂ ਖੇਡੀਆਂ ਸਨ। ਵਨਡੇ ਫਾਰਮੈਟ 'ਚ ਸਭ ਤੋਂ ਤੇਜ਼ 5 ਸੈਂਕੜੇ ਲਗਾਉਣ ਦਾ ਰਿਕਾਰਡ ਕਵਿੰਟਨ ਡੀ ਕਾਕ ਅਤੇ ਇਮਾਮ-ਉਲ-ਹੱਕ ਦੇ ਨਾਂ ਹੈ, ਜਿਨ੍ਹਾਂ ਨੇ ਸਿਰਫ 19-19 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ।