ਸੌਰਾਸ਼ਟਰ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਦੇ ਪਿਤਾ ਕਾਂਜੀਭਾਈ ਸਕਾਰੀਆ ਦਾ ਅੱਜ ਭਾਵਨਗਰ ਦੇ ਇੱਕ ਹਸਪਤਾਲ ’ਚ ਕੋਵਿਡ-19 ਵਾਇਰਸ ਦੀ ਲਾਗ ਕਾਰਣ ਦੇਹਾਂਤ ਹੋ ਗਿਆ। ਉਹ 42 ਸਾਲਾਂ ਦੇ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਵਾਇਰਸ ਦੀ ਲਾਗ ਨਾਲ ਜੂਝ ਰਹੇ ਸਨ।   ਸੌਰਾਸ਼ਟਰ ਕ੍ਰਿਕੇਟ ਸੰਘ ਨੇ ਉਨ੍ਹਾਂ ਦੇ ਦੇਹਾਂਤ ਉੱਤੇ ਸ਼ੋਕ ਪ੍ਰਗਟਾਉਂਦਿਆਂ ਕਿਹਾ ਹੈ, ਸੌਰਾਸ਼ਟਰ ਕ੍ਰਿਕੇਟ ਸੰਘ ਵਿੱਚ ਸਾਰੇ ਕ੍ਰਿਕੇਟਰ ਚੇਤਨ ਸਕਾਰੀਆ ਦੇ ਪਿਤਾ ਦੇ ਦੇਹਾਂਤ ਤੋਂ ਡਾਢੇ ਦੁਖੀ ਹਨ। ਕ੍ਰਿਕੇ ਸੰਘ ਨੇ ਕਿਹਾ, ‘ਸੌਰਾਸ਼ਟਰ ਕ੍ਰਿਕੇਟ ਸੰਘ ਚੇਤਨ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ ਤੇ ਈਸ਼ਵਰ ਤੋਂ ਪ੍ਰਾਰਥਨਾ ਕਰਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਸਭ ਨੂੰ ਇਸ ਦੁੱਖ ਨਾਲ ਨਿਪਟਣ ਦੀ ਤਾਕਤ ਦੇਣ ਤੇ ਨਾਲ ਹੀ ਉਨ੍ਹਾਂ ਦੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਦੇਣ।’     22 ਸਾਲਾ ਚੇਤਨ ਇਸ ਵਰ੍ਹੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਖੇਡੇ ਸਨ। ਆਈਪੀਐਲ ਨੂੰ ਜੈਵਿਕ ਤੌਰ ਉੱਤੇ ਸੁਰੱਖਿਅਤ ਮਾਹੌਲ ’ਚ ਕੋਵਿਡ-19 ਦੀ ਲਾਗ ਦੇ ਮਾਮਲੇ ਆਉਣ ਤੋਂ ਬਾਅਦ 4 ਮਈ ਨੂੰ ਅਨਿਸ਼ਚਤਕਾਲ ਲਈ ਮੁਲਤਵੀ ਕਰ ਦਿੱਤਾ ਗਿਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਨੇ ਸੌਰਾਸ਼ਟਰ ਵੱਲੋਂ 15 ਪ੍ਰਥਮ ਸ਼੍ਰੇਣੀ ਮੈਚਾਂ ਵਿੱਚ 41 ਵਿਕੇਟਾਂ ਲਈਆਂ ਹਨ।   ਰਾਜਸਥਾਨ ਰਾਇਲਜ਼ ਨੇ ਵੀ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਉੱਤੇ ਸ਼ੋਕ ਪ੍ਰਗਟਾਇਆ ਹੈ। ਫ਼੍ਰੈਂਚਾਈਜ਼ੀ ਨੇ ਟਵੀਟ ਕੀਤਾ,‘ਕਾਫ਼ੀ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਕਾਂਜੀਭਾਈ ਸਕਾਰੀਆ ਅੱਜ ਕੋਵਿਡ-19 ਵਿਰੁੱਧ ਜੰਗ ਹਾਰ ਗਏ। ਅਸੀਂ ਚੇਤਨ ਦੇ ਸੰਪਰਕ ਵਿੱਚ ਹਾਂ ਤੇ ਇਸ ਮੁਸ਼ਕਿਲ ਸਮੇਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਂਵਾਂਗੇ।’   ਦੱਸ ਦੇਈਏ ਕਿ ਸਕਾਰੀਆ ਦਾ ਬਚਪਨ ਕਾਫ਼ੀ ਗ਼ਰੀਬੀ ’ਚ ਬੀਤਿਆ ਸੀ। ਉਨ੍ਹਾਂ ਦੇ ਪਿਤਾ ਨੇ ਆਟੋ ਰਿਕਸ਼ਾ ਚਲਾ ਕੇ ਉਨ੍ਹਾਂ ਨੂੰ ਕ੍ਰਿਕੇਟਰ ਬਣਾਇਆ ਸੀ। ਇੰਨਾ ਹੀ ਨਹੀਂ ਚੇਤਨ ਦੇ ਵੱਡੇ ਭਰਾ ਨੇ ਵੀ ਆਈਪੀਐਲ ਦੀ ਆੱਕਸ਼ਨ ਤੋਂ ਪਹਿਲਾਂ ਖ਼ੁਦਕੁਸ਼ੀ ਕਰ ਕੇ ਆਪਣੀ ਜਾਨ ਦੇ ਦਿੱਤੀ ਸੀ। ਇੰਝ ਚੇਤਨ ਉੱਤੇ ਦੁੱਖਾਂ ਦਾ ਪਹਾੜ ਆਣ ਪਿਆ ਹੈ।