India vs Australia Ravichandran Ashwin Record: ਭਾਰਤ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇੰਦੌਰ ਵਿੱਚ ਜਿੱਤ ਦਰਜ ਕੀਤੀ। ਟੀਮ ਇੰਡੀਆ ਦੀ ਇਸ ਜਿੱਤ 'ਚ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਦਾ ਵੀ ਅਹਿਮ ਯੋਗਦਾਨ ਰਿਹਾ। ਸਪਿਨਰ ਰਵੀਚੰਦਰਨ ਅਸ਼ਵਿਨ ਨੇ 7 ਓਵਰਾਂ 'ਚ 41 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਇਸ ਮੈਚ ਦੌਰਾਨ ਇੱਕ ਖਾਸ ਰਿਕਾਰਡ ਆਪਣੇ ਨਾਂ ਕੀਤਾ। ਉਹ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਿਆ। ਇਸ ਮੈਚ ਦੌਰਾਨ ਭਾਰਤ ਲਈ ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਨੇ ਸੈਂਕੜੇ ਜੜੇ। ਭਾਰਤ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।
ਦੱਸ ਦਈਏ ਕਿ ਭਾਰਤ ਲਈ ਗੇਂਦਬਾਜ਼ੀ ਕਰਦੇ ਹੋਏ ਅਨਿਲ ਕੁੰਬਲੇ ਨੇ ਆਸਟ੍ਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਸੀ ਪਰ ਅਸ਼ਵਿਨ ਨੇ ਹੁਣ ਉਸ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਨੇ ਕੁੱਲ 144 ਵਿਕਟਾਂ ਲਈਆਂ ਹਨ। ਜਦਕਿ ਕੁੰਬਲੇ ਨੇ 142 ਵਿਕਟਾਂ ਲਈਆਂ ਹਨ। ਕਪਿਲ ਦੇਵ ਵੀ ਉਨ੍ਹਾਂ ਭਾਰਤੀ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਕਿਸੇ ਇੱਕ ਟੀਮ ਖ਼ਿਲਾਫ਼ ਸਭ ਤੋਂ ਵੱਧ ਵਿਕਟਾਂ ਲਈਆਂ। ਕਪਿਲ ਦੇਵ ਨੇ ਪਾਕਿਸਤਾਨ ਖਿਲਾਫ 141 ਵਿਕਟਾਂ ਲਈਆਂ ਹਨ। ਕੁੰਬਲੇ ਨੇ ਪਾਕਿਸਤਾਨ ਖਿਲਾਫ 135 ਵਿਕਟਾਂ ਲਈਆਂ।
ਧਿਆਨਯੋਗ ਹੈ ਕਿ ਭਾਰਤ ਨੇ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੇ ਪਹਿਲਾ ਵਨਡੇ 5 ਵਿਕਟਾਂ ਨਾਲ ਜਿੱਤ ਲਿਆ ਸੀ। ਦੂਜਾ ਵਨਡੇ 99 ਦੌੜਾਂ ਨਾਲ ਜਿੱਤਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 399 ਦੌੜਾਂ ਬਣਾਈਆਂ। ਇਸ ਦੌਰਾਨ ਸ਼ੁਭਮਨ ਗਿੱਲ ਨੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦਕਿ ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ। ਜਵਾਬ 'ਚ ਆਸਟ੍ਰੇਲੀਆ ਦੀ ਟੀਮ 217 ਦੌੜਾਂ 'ਤੇ ਆਲ ਆਊਟ ਹੋ ਗਈ। ਇਹ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ। ਇਸ ਕਾਰਨ ਓਵਰਾਂ ਨੂੰ ਘਟਾ ਦਿੱਤਾ ਗਿਆ।
ਭਾਰਤ ਲਈ ਅਸ਼ਵਿਨ ਨੇ 7 ਓਵਰਾਂ 'ਚ 41 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ 5.2 ਓਵਰਾਂ 'ਚ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਪ੍ਰਸਿਧ ਕ੍ਰਿਸ਼ਨ ਨੇ 6 ਓਵਰਾਂ ਵਿੱਚ 56 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਏਸ਼ੀਅਨ ਗੇਮਜ਼ 'ਚ ਦੂਜੇ ਦਿਨ ਭਾਰਤ ਦੀ ਚੰਗੀ ਸ਼ੁਰੂਆਤ, ਰੋਇੰਗ ਟੀਮ ਨੇ ਕਾਂਸੀ ਦੇ ਮੈਡਲ 'ਤੇ ਕੀਤਾ ਕਬਜ਼ਾ