UEFA Champions League: ਰੀਅਲ ਮੈਡ੍ਰਿਡ ਨੇ ਸ਼ਨੀਵਾਰ ਨੂੰ ਬੋਰੂਸੀਆ ਡਾਰਟਮੰਡ ਨੂੰ ਹਰਾ ਕੇ 15ਵੀਂ ਵਾਰ ਯੂਈਐੱਫਏ ਚੈਂਪੀਅਨਜ਼ ਲੀਗ ਦਾ ਖਿਤਾਬ ਆਪਣੇ ਨਾਂਅ ਕੀਤਾ। ਦੱਸ ਦੇਈਏ ਕਿ ਸ਼ਨੀਵਾਰ ਦੇਰ ਰਾਤ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਟੀਮ ਨੇ ਜਰਮਨ ਕਲੱਬ ਬੋਰੂਸੀਆ ਡਾਰਟਮੰਡ ਨੂੰ 2-0 ਨਾਲ ਹਰਾਇਆ। ਟੀਮ ਲਈ ਵਿਨੀਸੀਅਸ ਜੂਨੀਅਰ ਅਤੇ ਡੈਨੀ ਕਾਰਵਾਜਲ ਨੇ ਗੋਲ ਕੀਤੇ।
ਰੀਅਲ ਮੈਡ੍ਰਿਡ ਦੇ ਨਾਂਅ ਹੁਣ ਸਭ ਤੋਂ ਵੱਧ UCL ਜਿੱਤਣ ਦਾ ਰਿਕਾਰਡ ਦਰਜ ਹੋ ਗਿਆ ਹੈ। ਹੁਣ ਤੱਕ 22 ਕਲੱਬ ਇਸ ਨੂੰ ਜਿੱਤ ਚੁੱਕੇ ਹਨ, ਜਿਨ੍ਹਾਂ 'ਚੋਂ ਰੀਅਲ ਮੈਡਰਿਡ ਨੇ 15 ਵਾਰ ਇਸ ਨੂੰ ਜਿੱਤਿਆ ਹੈ। ਰੀਅਲ ਮੈਡਰਿਡ 18 ਵਾਰ UCL ਫਾਈਨਲ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਇਟਾਲੀਅਨ ਕਲੱਬ ਏਸੀ ਮਿਲਾਨ 7 ਵਾਰ ਇਹ ਕੱਪ ਜਿੱਤ ਚੁੱਕਿਆ ਹੈ।
ਤੀਜੀ ਵਾਰ ਫਾਈਨਲ ਵਿੱਚ ਪਹੁੰਚਿਆ ਡਾਰਟਮੰਡ
ਇਸ ਦੇ ਨਾਲ ਹੀ ਡਾਰਟਮੰਡ ਨੇ ਆਪਣਾ ਤੀਜਾ ਫਾਈਨਲ ਖੇਡਿਆ। ਇਸ ਤੋਂ ਪਹਿਲਾਂ ਟੀਮ ਸਾਲ 1996-97 ਦੇ ਸੀਜ਼ਨ 'ਚ ਚੈਂਪੀਅਨ ਬਣੀ ਸੀ। ਟੀਮ 2012-13 ਅਤੇ ਇਸ ਸੀਜ਼ਨ ਵਿੱਚ ਫਾਈਨਲ ਵਿੱਚ ਪਹੁੰਚੀ ਸੀ, ਜਿੱਥੇ ਇਸਨੂੰ ਪਹਿਲਾਂ ਆਪਣੇ ਕੱਟੜ ਵਿਰੋਧੀ ਬਾਇਰਨ ਮਿਊਨਿਖ ਅਤੇ ਫਿਰ ਰੀਅਲ ਮੈਡ੍ਰਿਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅਜਿਹਾ ਰਿਹਾ ਮੈਚ ਦਾ ਹਾਲ
ਮੈਚ ਦੀ ਗੱਲ ਕਰੀਏ ਤਾਂ ਇਹ ਵਿਸ਼ਵ ਦੀ ਸਭ ਤੋਂ ਵੱਡੀ ਫੁੱਟਬਾਲ ਲੀਗ ਚੈਂਪੀਅਨਜ਼ ਲੀਗ ਦਾ 32ਵਾਂ ਸੀਜ਼ਨ ਸੀ। ਪਹਿਲੇ ਹਾਫ ਵਿੱਚ ਦੋਵੇਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਕੀਤਾ ਗਿਆ। ਦੂਜੇ ਹਾਫ 'ਚ 57ਵੇਂ ਮਿੰਟ 'ਚ ਦਾਨੀ ਕਾਰਵਾਜਲ ਨੇ ਰੀਅਲ ਮੈਡ੍ਰਿਡ ਲਈ ਗੋਲ ਕੀਤਾ। ਇਸ ਤੋਂ ਬਾਅਦ ਵਿਨੀਸੀਅਸ ਜੂਨੀਅਰ ਨੇ 84ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਬੜ੍ਹਤ ਨੂੰ ਮਜ਼ਬੂਤ ਕੀਤਾ।