ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੂੰ ਵਰਲਡ ਕੱਪ 2019 ‘ਚ ਵੱਡਾ ਝਟਕਾ ਲੱਗਿਆ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਰਕੇ ਤਿੰਨ ਹਫਤੇ ਲਈ ਖੇਡ ਨਹੀਂ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ਕਿਹੜੇ ਖਿਲਾੜੀ ਨੂੰ ਟੀਮ ‘ਚ ਥਾਂ ਮਿਲਦੀ ਹੈ, ਇਸ ਬਾਰੇ ਕਿਆਸ ਲਾਏ ਜਾ ਰਹੇ ਹਨ।
ਉਮੀਦ ਕੀਤੀ ਜਾ ਰਹੀ ਹੈ ਕਿ ਰਿਸ਼ਭ ਪੰਤ, ਸ਼ਰੇਅਸ ਅਈਅਰ, ਅੰਬਾਤੀ ਰਾਇਡੂ ਜਾਂ ਅਜਿੰਕੀਆ ਰਹਾਣੇ ਵਿੱਚੋਂ ਕੋਈ ਇੱਕ ਖਿਡਾਰੀ ਖਾਲੀ ਥਾਂ ਨੂੰ ਭਰ ਸਕਦਾ ਹੈ। ਰਹਾਣੇ ਕੋਲ ਓਪਨਿੰਗ ਕਰਨ ਦਾ ਤਜ਼ਰਬਾ ਵੀ ਹੈ। ਇਸ ਦੇ ਨਾਲ ਹੀ ਬੀਸੀਸੀਆਈ ਨੇ ਟੀਮ ਦੀ ਚੋਣ ਤੋਂ ਬਾਅਦ ਸਾਫ਼ ਕਰ ਦਿੱਤਾ ਸੀ ਕਿ ਪਹਿਲਾ ਸਟੈਂਡਬਾਈ ਪੰਤ ਤੇ ਦੂਜਾ ਸਟੈਂਡਬਾਈ ਰਾਇਡੂ ਹੈ।
ਧਵਨ 13 ਜੂਨ ਨੂੰ ਨਿਊਜ਼ੀਲੈਂਡ, 16 ਜੂਨ ਪਾਕਿਸਤਾਨ, 22 ਜੂਨ ਅਫਗਾਨਿਸਤਾਨ, 27 ਜੂਨ ਵੈਸਟਇੰਡੀਜ਼, 30 ਜੂਨ ਇੰਗਲੈਂਡ ਤੇ ਦੋ ਜੁਲਾਈ ਬੰਗਲਾਦੇਸ਼ ਖਿਲਾਫ ਖੇਡੇ ਜਾਣ ਵਾਲੇ ਮੈਚਾਂ ਤੋਂ ਬਾਹਰ ਹਨ ਪਰ ਜੇਕਰ ਉਹ ਠੀਕ ਹੋ ਗਏ ਤਾਂ ਉਹ ਵਾਪਸੀ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ 15 ਮੈਂਬਰੀ ਟੀਮ ‘ਚ ਕੇਐਲ ਰਾਹੁਲ ਤੇ ਦਿਨੇਸ਼ ਕਾਰਤਿਕ ਵਿੱਚੋਂ ਕੋਈ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਸਕਦਾ ਹੈ।