Shahid Afridi on Virat Kohli: ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ ਨੇ ਵਿਰਾਟ ਕੋਹਲੀ ਦੇ ਕ੍ਰਿਕਟ ਪ੍ਰਤੀ ਰਵੱਈਏ 'ਤੇ ਸਵਾਲ ਚੁੱਕੇ ਹਨ। ਅਫਰੀਦੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ 'ਚ ਹੁਣ ਕ੍ਰਿਕਟ ਪ੍ਰਤੀ ਉਹੀ ਨਿਸ਼ਠਾ ਦਿਖਾਈ ਨਹੀਂ ਦਿੰਦੀ ਜਿਹੜੀ ਪਹਿਲਾਂ ਦਿਖਾਈ ਦਿੰਦੀ ਸੀ। ਉਹਨਾਂ ਦਾ ਕਹਿਣਾ ਹੈ ਕਿ ਵਿਰਾਟ ਦੀ ਲੈਅ 'ਚ ਵਾਪਸੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕ੍ਰਿਕਟ ਪ੍ਰਤੀ ਉਹਨਾਂ ਦਾ ਰਵੱਈਆ ਕਿਹੋ ਜਿਹਾ ਹੈ। ਜ਼ਿਕਰਯੋਗ ਹੈ ਕਿ ਵਿਰਾਟ ਲੰਬੇ ਸਮੇਂ ਤੋਂ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਉਹਨਾਂ ਨੂੰ ਸੈਂਕੜਾ ਬਣਾਏ ਢਾਈ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ।



ਸ਼ਾਹਿਦ ਅਫਰੀਦੀ ਨੇ ਪਾਕਿਸਤਾਨੀ ਟੀਵੀ ਚੈਨਲ ਸਾਮਾ 'ਤੇ ਵਿਰਾਟ ਦੀ ਫਾਰਮ ਨਾਲ ਜੁੜੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, 'ਕ੍ਰਿਕੇਟ 'ਚ ਰਵੱਈਆ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਜਿਸ ਗੱਲ ਦੀ ਮੈਂ ਸਭ ਤੋਂ ਵੱਧ ਗੱਲ ਕਰਦਾ ਹਾਂ ਉਹ ਇਹ ਹੈ ਕਿ ਤੁਹਾਡੇ ਅੰਦਰ ਕ੍ਰਿਕਟ ਲਈ ਕਿੰਨਾ ਸਮਰਪਣ ਹੈ? ਕੋਹਲੀ ਪਹਿਲਾਂ ਆਪਣੇ ਕਰੀਅਰ ਵਿੱਚ ਨੰਬਰ 1 ਬਣਨਾ ਚਾਹੁੰਦੇ ਸਨ, ਕੀ ਉਹ ਅਜੇ ਵੀ ਉਸੇ ਟੀਚੇ ਨਾਲ ਕ੍ਰਿਕਟ ਖੇਡਦੇ ਹਨ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਉਹਨਾਂ ਕੋਲ ਕਲਾਸ ਹੈ ਪਰ ਕੀ ਉਹ ਸੱਚਮੁੱਚ ਦੁਬਾਰਾ ਨੰਬਰ 1 ਬਣਨਾ ਚਾਹੁੰਦਾ ਹੈ? ਜਾਂ ਫਿਰ ਉਹ ਸੋਚ ਰਹੇ ਹਨ ਕਿ ਉਹਨਾਂ ਨੇ ਜ਼ਿੰਦਗੀ ਵਿੱਚ ਸਭ ਕੁਝ ਪ੍ਰਾਪਤ ਕਰ ਲਿਆ ਹੈ।  ਹੁਣ ਬੱਸ ਟਾਈਮ ਪਾਸ ਕਰਨਾ ਹੈ।



IPL 2022 'ਚ ਵੀ ਕੁਝ ਖਾਸ ਨਹੀਂ ਕਰ ਸਕੇ ਵਿਰਾਟ 
ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾਤਾਰ ਫਲਾਪ ਹੋ ਰਹੇ ਵਿਰਾਟ ਕੋਹਲੀ IPL ਦੇ ਇਸ ਸੀਜ਼ਨ 'ਚ ਵੀ ਕੋਈ ਚਮਤਕਾਰ ਨਹੀਂ ਦਿਖਾ ਸਕੇ।  16 ਮੈਚਾਂ 'ਚ ਉਹ ਸਿਰਫ 22.73 ਦੀ ਬੱਲੇਬਾਜ਼ੀ ਔਸਤ ਨਾਲ 341 ਦੌੜਾਂ ਬਣਾ ਸਕੇ। ਉਹਨਾਂ ਦਾ ਸਟ੍ਰਾਈਕ ਰੇਟ ਬਹੁਤ ਖਰਾਬ ਸੀ।  ਕੋਹਲੀ ਸਿਰਫ 116 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਸਕੇ ਸਨ। ਪੂਰੇ ਸੀਜ਼ਨ 'ਚ ਕੋਹਲੀ ਦੇ ਬੱਲੇ 'ਚੋਂ ਸਿਰਫ 2 ਅਰਧ ਸੈਂਕੜੇ ਹੀ ਨਿਕਲੇ।



ਵੀਰਵਾਰ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਣਗੇ ਕੋਹਲੀ 
ਵਿਰਾਟ ਕੋਹਲੀ ਨੂੰ ਫਿਲਹਾਲ ਸਾਊਥ ਅਫਰੀਕਾ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਉਹ ਇੰਗਲੈਂਡ 'ਚ ਇਕਲੌਤਾ ਟੈਸਟ ਖੇਡਣ ਜਾ ਰਹੀ ਭਾਰਤੀ ਟੀਮ ਦਾ ਹਿੱਸਾ ਹਨ। ਭਾਰਤ ਦੀ ਇਹ ਟੈਸਟ ਟੀਮ ਵੀਰਵਾਰ (16 ਜੂਨ) ਨੂੰ ਰਵਾਨਾ ਹੋਵੇਗੀ। ਇਹ ਟੈਸਟ ਭਾਰਤ ਅਤੇ ਇੰਗਲੈਂਡ ਵਿਚਾਲੇ 1 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਇੱਥੇ ਟੀ-20 ਅਤੇ ਵਨਡੇ ਸੀਰੀਜ਼ ਵੀ ਖੇਡੇਗੀ।