ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਮਲਿਕ ਨੇ ਪਾਕਿਸਤਾਨ ਕ੍ਰਿਕੇਟ ਬੋਰਡ (PCB) ਦੇ ਖਿਡਾਰੀਆਂ ਦੀ ਸਿਲੈਕਸ਼ਨ ਦੇ ਤਰੀਕੇ ਦੀ ਆਲੋਚਨਾ ਕੀਤੀ ਹੈ। ਸ਼ੋਏਬ ਨੇ ਕਿਹਾ ਕਿ ਖਿਡਾਰੀਆਂ ਦੀ ਚੋਣ ਉਨ੍ਹਾਂ ਦੇ ਕੁਨੈਕਸ਼ਨ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ਨਾ ਕਿ ਉਨ੍ਹਾਂ ਦੇ ਹੁਨਰ ਦੇ ਆਧਾਰ ਉੱਤੇ।
ਸ਼ੋਏਬ ਨੇ ਇੱਕ ਵੈੱਬਸਾਈਟ ਨਾਲ ਗੱਲ ਕਰਦਿਆਂ ਕਿਹਾ ਕਿ ‘ਸਾਡੇ ਕ੍ਰਿਕੇਟ ਵਿੱਚ ਪਸੰਦ ਨਾਪਸੰਦ ਦਾ ਇੱਕ ਸਿਸਟਮ ਹੈ। ਇਹ ਕ੍ਰਿਕੇਟ ਖੇਡਣ ਵਾਲੇ ਦੂਜੇ ਦੇਸ਼ਾਂ ਵਿੱਚ ਵੀ ਹਨ ਪਰ ਸਾਡੇ ਕਲਚਰ ਵਿੱਚ ਥੋੜ੍ਹਾ ਜ਼ਿਆਦਾ ਲੱਗਦਾ ਹੈ। ਜਿਸ ਦਿਨ ਸਾਡੇ ਇੱਥੇ ਸੰਪਰਕਾਂ ਦੀ ਥਾਂ ਸਕਿੱਲ ਨੂੰ ਵੱਧ ਮਹੱਤਵ ਮਿਲਣ ਲੱਗ ਪਵੇਗਾ, ਸਭ ਕੁਝ ਸੁਧਰ ਜਾਵੇਗਾ। ਟੀਮ ’ਚ ਚੋਣ ਯੋਗਤਾ ਦੇ ਆਧਾਰ ਉੱਤੇ ਹੋਣਾ ਚਾਹੀਦਾ ਹੈ।’
ਸ਼ੋਏਬ ਮਲਿਕ ਨੇ ਜ਼ਿੰਬਾਬਵੇ ਦੌਰੇ ਲਈ ਕਪਤਾਨ ਬਾਬਰ ਆਜ਼ਮ ਦੇ ਸੁਝਾਵਾਂ ਦੀ ਅਣਦੇਖੀ ਨੂੰ ਲੈ ਕੇ ਵੀ ਸੁਆਲ ਉਠਾਏ। ਉਨ੍ਹਾਂ ਕਿਹਾ ਕਿ ਕਈ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੂੰ ਬਾਬਰ ਚੁਣਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ। ਹਰੇਕ ਦੀ ਆਪਣੀ ਰਾਇ ਹੁੰਦੀ ਹੈ ਪਰ ਚੋਣ ਬਾਰੇ ਆਖ਼ਰੀ ਫ਼ੈਸਲਾ ਕਪਤਾਨ ਦਾ ਹੋਣਾ ਚਾਹੀਦਾ ਹੈ ਕਿਉਂਕਿ ਉਹੀ ਆਪਣੀ ਟੀਮ ਨਾਲ ਮੈਦਾਨ ’ਚ ਮੁਕਾਬਲਾ ਕਰਦਾ ਹੈ।
ਮਲਿਕ ਨੇ ਕਿਹਾ ਕਿ ਮੇਰੀ ਕਿਸਮਤ ’ਚ ਜੋ ਕੁਝ ਵੀ ਹੈ, ਊਹ ਸਰਬਸ਼ਕਤੀਮਾਨ ਦੇ ਹੱਥਾਂ ਵਿੱਚ ਹੈ ਤੇ ਕਿਸੇ ਵੀ ਵਿਅਕਤੀ ਦੇ ਕੰਟਰੋਲ ’ਚ ਨਹੀਂ ਹੈ। ਜੇ ਮੈਨੂੰ ਮੁੜ ਖੇਡਣ ਲਈ ਨਹੀਂ ਕਿਹਾ ਜਾਂਦਾ, ਤਾਂ ਮੈਨੂੰ ਕੋਈ ਪਛਤਾਵਾ ਨਹੀਂ ਹੋਵੇਗਾ ਪਰ ਜੇ ਮੈਂ ਸਾਥੀ ਖਿਡਾਰੀਆਂ ਵੱਲੋਂ ਆਪਣੀ ਗੱਲ ਨਹੀਂ ਰੱਖਦਾ, ਤਾਂ ਮੈਨੂੰ ਜ਼ਿਆਦਾ ਪਛਤਾਵਾ ਹੁੰਦਾ।
ਸ਼ੋਏਬ ਨੇ ਕਿਹਾ ਕਿ ਮਿਸਬਾਹ ਨੂੰ ਪਹਿਲਾਂ ਘਰੇਲੂ ਪੱਧਰ ਉੱਤੇ ਕੋਚ ਬਣਾਉਣਾ ਸੀ। ਉਹ ਇੱਕ ਬਿਹਤਰੀਨ ਕ੍ਰਿਕੇਟਰ ਤੇ ਵਧੀਆ ਇਨਸਾਨ ਹਨ ਤੇ ਮੈਂ ਉਨ੍ਹਾਂ ਦੀ ਕਦਰ ਕਰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਮਿਸਬਾਹ ਨੂੰ ਹੋਰ ਸਮਾਂ ਦੇਣਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਪਹਿਲਾਂ ਘਰੇਲੂ ਪੱਧਰ ਉੱਤੇ ਕੋਚ ਬਣਾਉਣਾ ਸੀ ਤੇ ਫਿਰ ਉਨ੍ਹਾਂ ਨੂੰ ਪਾਕਿਸਤਾਨ ਦਾ ਕੋਚ ਬਣਾਉਣਾ ਚਾਹੀਦਾ ਸੀ।
ਗ਼ੌਰਤਲਬ ਹੈ ਕਿ ਸਾਲ 2019 ਵਿਸ਼ਵ ਕੱਪ ਤੋਂ ਬਾਅਦ ਵਨਡੇਅ ਕ੍ਰਿਕੇਟ ਤੋਂ ਸੰਨਿਆਸ ਲੈਣ ਵਾਲੇ ਮਲਿਕ ਨੇ ਪਿਛਲੇ ਸਾਲ ਸਤੰਬਰ ’ਚ ਇੰਗਲੈਂਡ ਵਿਰੁੱਧ ਟੀ20 ਸੀਰੀਜ਼ ਵਿੱਚ ਆਪਣਾ ਆਖ਼ਰੀ ਕੌਮਾਂਤਰੀ ਮੈਚ ਖੇਡਿਆ ਸੀ।