ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੈਸਟਇੰਡੀਜ਼ ਦੇ ਦੌਰੇ ਲਈ ਚੁਣੀ ਟੀਮ ਨੂੰ ਲੈ ਕੇ ਚੋਣ ਕਮੇਟੀ ‘ਤੇ ਸਵਾਲ ਚੁੱਕੇ ਹਨ। ਗਾਂਗੁਲੀ ਨੇ ਵਨਡੇ ਟੀਮ ‘ਚ ਅਜਿੰਕੀਆ ਰਹਾਣੇ ਤੇ ਸ਼ੁਭਮਨ ਗਿੱਲ ਦੇ ਨਾ ਹੋਣ ‘ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਟੀਮ ‘ਚ ਕੁਝ ਅਜਿਹੇ ਖਿਡਾਰੀ ਹਨ ਜੋ ਸਾਰੇ ਫਾਰਮੈੱਟ ‘ਚ ਖੇਡ ਸਕਦੇ ਹਨ।


ਗਾਂਗੁਲੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ, ‘ਸਮਾਂ ਆ ਗਿਆ ਹੈ ਕਿ ਭਾਰਤੀ ਸਿਲੈਕਸ਼ਨ ਕਮੇਟੀ ਲੈਅ ਤੇ ਆਤਮਵਿਸ਼ਵਾਸ ਲਈ ਸਾਰੇ ਫਾਰਮੈੱਟ ‘ਚ ਸਮਾਨ ਖਿਡਾਰੀਆਂ ਨੂੰ ਚੁਣੇ। ਕੁਝ ਖਿਡਾਰੀ ਸਾਰੇ ਫਾਰਮੈੱਟ ‘ਚ ਖੇਡਦੇ ਹਨ। ਦੁਨੀਆ ਦੀਆਂ ਬਿਹਤਰ ਟੀਮਾਂ ‘ਚ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਨ। ਇੱਥੇ ਸਭ ਨੂੰ ਖੁਸ਼ ਕਰਨ ਲਈ ਨਹੀਂ, ਪਰ ਦੇਸ਼ ਲਈ ਸਭ ਤੋਂ ਚੰਗੇ ਖਿਡਾਰੀਆਂ ਨੂੰ ਚੁਣਨਾ ਹੈ। ਟੀਮ ‘ਚ ਕਈ ਅਜਿਹੇ ਖਿਡਾਰੀ ਹਨ ਜੋ ਸਾਰੇ ਫਾਰਮੈੱਟ ‘ਚ ਖੇਡ ਸਕਦੇ ਹਨ। ਸ਼ੁਭਮਨ ਗਿੱਲ ਤੇ ਰਹਾਣੇ ਨੂੰ ਵਨਡੇ ਟੀਮ ‘ਚ ਨਾ ਦੇਖ ਕੇ ਹੈਰਾਨੀ ਹੋਈ।”


ਸ਼ੁਭਮਨ ਨੇ ਵੈਸਟਇੰਡੀਜ਼ ਏ ਖਿਲਾਫ ਪੰਜ ਮੈਚਾਂ ‘ਚ 212 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਤਿੰਨ ਅਰਧ ਸੈਂਕੜੇ ਜੜੇ। ਇੰਡੀਆ ਏ ਲਈ ਉਸ ਨੇ 38 ਮੈਚਾਂ ‘ਚ 1545 ਦੌੜਾਂ ਬਣਾਈਆਂ। ਆਈਪੀਐਲ ਦੇ ਪਿਛਲੇ ਸੀਜ਼ਨ ‘ਚ ਉਹ ਅਮੇਜ਼ਿੰਗ ਪਲੇਅਰ ਆਫ਼ ਦ ਟੂਰਨਾਮੈਂਟ ਰਿਹਾ। ਸ਼ੁਭਮਨ ਨੇ ਕਿਹਾ, “ਮੈਂ ਐਤਵਾਰ ਨੂੰ ਭਾਰਤੀ ਟੀਮ 'ਚ ਚੁਣੇ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਨੂੰ ਉਮੀਦ ਸੀ ਕਿ ਮੈਂ ਕਿਸੇ ਇੱਕ ਟੀਮ ‘ਚ ਚੁਣਿਆ ਜਾਵਾਂਗਾ। ਮੇਰੀ ਚੋਣ ਨਾ ਹੋਣਾ ਨਿਰਾਸ਼ਾਜਨਕ ਹੈ ਪਰ ਮੈਂ ਇਸ ‘ਤੇ ਹੋਰ ਨਹੀਂ ਸੋਚਣ ਵਾਲਾ।”

ਟੈਸਟ ਟੀਮ ਦੇ ਉਪ ਕਪਤਾਨ ਰਹਾਣੇ 17 ਮਹੀਨੇ ਤੋਂ ਵਨਡੇ ਮੈਚ ਤੋਂ ਬਾਹਰ ਹਨ। ਰਹਾਣੇ ਦੀ ਵਰਲਡ ਕੱਪ ‘ਚ ਚੋਣ ਨਾ ਕਰਨ ‘ਤੇ ਕਾਫੀ ਆਲੋਚਨਾ ਕੀਤੀ ਗਈ ਸੀ। ਰਹਾਣੇ ਤਕਨੀਕੀ ਤੌਰ ‘ਤੇ ਮਜਬੂਤ ਖਿਡਾਰੀ ਹਨ ਤੇ ਗਾਂਗੁਲੀ ਉਸ ਨੂੰ ਟੀਮ ‘ਚ ਦੇਖਣਾ ਚਾਹੁੰਦੇ ਹਨ।