Sports News: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 6 ਦਸੰਬਰ ਤੋਂ ਪਿੰਕ ਬਾਲ ਟੈਸਟ ਖੇਡਿਆ ਜਾਣਾ ਹੈ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਦੂਜਾ ਮੈਚ ਹੋਵੇਗਾ। ਇਸ ਟੈਸਟ ਮੈਚ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਆਸਟ੍ਰੇਲੀਆ ਦਾ ਸਭ ਤੋਂ ਮਹੱਤਵਪੂਰਨ ਗੇਂਦਬਾਜ਼ ਸੱਟ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸੱਟ ਕਾਰਨ ਐਡੀਲੇਡ 'ਚ ਹੋਣ ਵਾਲੇ ਡੇ-ਨਾਈਟ ਟੈਸਟ ਨਹੀਂ ਖੇਡਣਗੇ।


ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਖੱਬੀ ਲੱਤ 'ਚ ਸੱਟ ਲੱਗ ਗਈ ਹੈ, ਜਿਸ ਕਾਰਨ ਉਹ 6 ਦਸੰਬਰ ਤੋਂ ਐਡੀਲੇਡ 'ਚ ਭਾਰਤ ਖਿਲਾਫ ਸ਼ੁਰੂ ਹੋਣ ਵਾਲੇ ਪਿੰਕ ਬਾਲ ਟੈਸਟ ਤੋਂ ਬਾਹਰ ਹੋ ਗਿਆ ਹੈ। ਆਪਣੇ ਡੈਬਿਊ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਹੇਜ਼ਲਵੁੱਡ ਘਰੇਲੂ ਮੈਦਾਨ 'ਤੇ ਭਾਰਤ ਦੇ ਖਿਲਾਫ ਟੈਸਟ ਮੈਚ ਨਹੀਂ ਖੇਡਣਗੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹੇਜ਼ਲਵੁੱਡ ਦੀ ਸੱਟ ਕਾਰਨ ਆਸਟ੍ਰੇਲੀਆ ਦਾ ਤੇਜ਼ ਗੇਂਦਬਾਜ਼ੀ ਅਟੈਕ ਕਮਜ਼ੋਰ ਹੋਇਆ ਹੈ।


ਜੋਸ਼ ਹੇਜ਼ਲਵੁੱਡ ਦੀ ਥਾਂ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਆਸਟ੍ਰੇਲੀਆਈ ਟੀਮ 'ਚ ਦੋ ਨਵੇਂ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ। ਦੋ ਅਨਕੈਪਡ ਗੇਂਦਬਾਜ਼ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਨੂੰ ਭਾਰਤ ਖਿਲਾਫ ਦੂਜੇ ਟੈਸਟ ਲਈ ਕੰਗਾਰੂ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਦੋਵਾਂ ਨੇ ਅਜੇ ਤੱਕ ਟੈਸਟ ਕ੍ਰਿਕਟ 'ਚ ਡੈਬਿਊ ਨਹੀਂ ਕੀਤਾ ਹੈ। ਹਾਲਾਂਕਿ ਐਬੋਟ ਕੋਈ ਨਵਾਂ ਖਿਡਾਰੀ ਨਹੀਂ ਹੈ, ਉਸ ਨੇ ਆਸਟ੍ਰੇਲੀਆ ਲਈ 26 ਵਨਡੇ ਅਤੇ 20 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।


ਦੱਸ ਦੇਈਏ ਕਿ ਹੇਜ਼ਲਵੁੱਡ ਦੀ ਜਗ੍ਹਾ ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੂੰ ਮੌਕਾ ਮਿਲਣ ਦੀ ਉਮੀਦ ਨਹੀਂ ਹੈ। ਹੁਣ ਐਡੀਲੇਡ ਵਿੱਚ ਹੇਜ਼ਲਵੁੱਡ ਦੀ ਥਾਂ ਸਕਾਟ ਬੋਲੈਂਡ ਨੂੰ ਮੌਕਾ ਮਿਲਣ ਦੀ ਸੰਭਾਵਨਾ ਹੈ। ਬੋਲੈਂਡ ਨੇ ਆਖਰੀ ਵਾਰ ਜੁਲਾਈ 2023 ਵਿੱਚ ਆਸਟਰੇਲੀਆ ਲਈ ਟੈਸਟ ਮੈਚ ਖੇਡਿਆ ਸੀ।


ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਪਰਥ 'ਚ ਖੇਡਿਆ ਗਿਆ ਸੀ, ਜਿਸ 'ਚ ਟੀਮ ਇੰਡੀਆ ਨੇ 295 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਦੂਜੇ ਟੈਸਟ 'ਚ ਆਸਟ੍ਰੇਲੀਆਈ ਟੀਮ 'ਚ ਸਿਰਫ ਇਕ ਬਦਲਾਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਖਬਰ ਸੀ ਕਿ ਮਿਸ਼ੇਲ ਮਾਰਸ਼ ਵੀ ਦੂਜੇ ਟੈਸਟ ਤੋਂ ਖੁੰਝ ਸਕਦੇ ਹਨ। ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਐਡੀਲੇਡ ਟੈਸਟ ਖੇਡਣਗੇ।