ਭਾਰਤ ਦੇ ਚੋਟੀ ਦੇ ਮੱਧ ਦੂਰੀ ਦੇ ਦੌੜਾਕ ਪਰਵੇਜ਼ ਖਾਨ (Parvej Khan) ਬਾਰੇ ਬੁਰੀ ਖਬਰ ਆਈ ਹੈ। ਡੋਪ ਟੈਸਟ 'ਚ ਫੇਲ ਹੋਣ ਤੋਂ ਬਾਅਦ ਉਸ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਅਮਰੀਕਾ 'ਚ NCCA ਸਰਕਟ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਰਖੀਆਂ 'ਚ ਆਏ ਪਰਵੇਜ਼ ਖਾਨ ਨੂੰ ਦੋਸ਼ੀ ਪਾਏ ਜਾਣ 'ਤੇ 4 ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਨ ਖਿਲਾਫ ਇਹ ਕਾਰਵਾਈ ਨੈਸ਼ਨਲ ਐਂਟੀ ਡੋਪਿੰਗ ਏਜੰਸੀ (NADA) ਨੇ ਕੀਤੀ ਹੈ।
4 ਸਾਲ ਦੀ ਲੰਬੀ ਪਾਬੰਦੀ ਲੱਗ ਸਕਦੀ
ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਰਹਿਣ ਵਾਲੇ ਪਰਵੇਜ਼ ਖਾਨ ਨੇ ਇਸ ਸਾਲ ਅਮਰੀਕਾ ਵਿੱਚ ਹੋਈ ਕਾਲਜੀਏਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 1500 ਮੀਟਰ ਦੌੜ ਜਿੱਤੀ ਸੀ। ਉਨ੍ਹਾਂ ਦੀ ਜਿੱਤ ਦਾ ਵੀਡੀਓ ਵਾਇਰਲ ਹੋ ਗਿਆ। ਭਾਰਤ ਦੇ ਮਸ਼ਹੂਰ ਬਿਜ਼ਨੈੱਸਮੈਨ ਆਨੰਦ ਮਹਿੰਦਰਾ ਨੇ ਵੀ ਪਰਵੇਜ਼ ਖਾਨ ਦੀ ਖੂਬ ਤਾਰੀਫ ਕੀਤੀ ਸੀ। ਪਰ, ਇਸ 19 ਸਾਲਾ ਐਥਲੀਟ ਦਾ ਕਰੀਅਰ ਵੀ ਡਰੱਗਜ਼ ਦਾ ਗ੍ਰਹਿਣ ਲੱਗ ਗਿਆ। ਜੇਕਰ ਉਹ ਇਸ ਡੋਪਿੰਗ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ 4 ਸਾਲ ਦੀ ਲੰਬੀ ਪਾਬੰਦੀ ਲੱਗ ਸਕਦੀ ਹੈ। ਇਸ ਖਬਰ ਤੋਂ ਬਾਅਦ ਖੇਡ ਜਗਤ ਦੇ ਵਿੱਚ ਨਿਰਾਸ਼ਾ ਦੇ ਬੱਦਲ ਛਾਏ ਹੋਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਨਾਡਾ ਨੇ ਪਰਵੇਜ਼ ਖਾਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਪਾਬੰਦੀ ਕਦੋਂ ਸ਼ੁਰੂ ਹੋਈ। ਇਸ ਤੋਂ ਇਲਾਵਾ ਖਾਨ ਨੇ ਕਿਹੜੇ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕੀਤੀ ਸੀ, ਇਸ ਬਾਰੇ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰ, ਇਹ ਗੱਲ ਪੱਕੀ ਹੈ ਕਿ ਉਸ ਦਾ ਡੋਪ ਦਾ ਨਮੂਨਾ ਪੰਚਕੂਲਾ, ਹਰਿਆਣਾ ਵਿੱਚ ਹੋਈ ਨੈਸ਼ਨਲ ਇੰਟਰ-ਸਟੇਟ ਚੈਂਪੀਅਨਸ਼ਿਪ (27 ਤੋਂ 30 ਜੂਨ) ਦੌਰਾਨ ਲਿਆ ਗਿਆ ਸੀ।