T20 World Cup 2022: ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 'ਚ ਇਕ ਹੋਰ ਵੱਡਾ ਹੰਗਾਮਾ ਹੋਇਆ ਹੈ। ਗਰੁੱਪ ਬੀ ਦੇ ਮੈਚ 'ਚ ਨੀਦਰਲੈਂਡ ਨੇ ਦੱਖਣੀ ਅਫ਼ਰੀਕਾ ਨੂੰ 13 ਦੌੜਾਂ ਨਾਲ ਹਰਾਇਆ। ਇਸ ਨਾਲ ਭਾਰਤ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਦੱਖਣੀ ਅਫ਼ਰੀਕਾ ਦੀ ਹਾਰ ਕਾਰਨ ਪਾਕਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ ਵੀ ਬਰਕਰਾਰ ਹੈ।
ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। 21 ਦੇ ਸਕੋਰ 'ਤੇ ਅਫ਼ਰੀਕਾ ਨੇ ਡੀ ਕਾਕ ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਕਪਤਾਨ ਬਾਵੁਮਾ ਵੀ 39 ਦੇ ਸਕੋਰ 'ਤੇ ਪੈਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਦੀ ਟੀਮ ਤੇਜ਼ੀ ਨਾਲ ਦੌੜਾਂ ਵੀ ਨਹੀਂ ਬਣਾ ਸਕੀ। 9.3 ਓਵਰਾਂ 'ਚ ਦੱਖਣੀ ਅਫਰੀਕਾ ਨੇ 64 ਦੇ ਸਕੋਰ 'ਤੇ ਤੀਜਾ ਵਿਕਟ ਗੁਆ ਦਿੱਤਾ।
ਮਾਰਕਰਮ ਨੇ ਇੱਕ ਸਿਰੇ ਤੋਂ ਮੋਰਚਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਉਹ ਵੀ 90 ਦੇ ਸਕੋਰ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਮਿਲਰ ਵੀ 112 ਦੇ ਸਕੋਰ 'ਤੇ ਆਊਟ ਹੋ ਗਏ। 17.3 ਓਵਰਾਂ ਵਿੱਚ 120 ਦੌੜਾਂ ਤੱਕ ਪਹੁੰਚਦਿਆਂ ਦੱਖਣੀ ਅਫਰੀਕਾ ਨੇ 7 ਵਿਕਟਾਂ ਗੁਆ ਦਿੱਤੀਆਂ ਅਤੇ ਮੈਚ ਪੂਰੀ ਤਰ੍ਹਾਂ ਹਾਲੈਂਡ ਦੇ ਕਬਜ਼ੇ ਵਿੱਚ ਸੀ। 20 ਓਵਰਾਂ ਦੀ ਸਮਾਪਤੀ 'ਤੇ ਦੱਖਣੀ ਅਫਰੀਕਾ ਦੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨੀਦਰਲੈਂਡ 13 ਦੌੜਾਂ ਨਾਲ ਮੈਚ ਜਿੱਤਣ 'ਚ ਕਾਮਯਾਬ ਰਿਹਾ।
ਨੀਦਰਲੈਂਡ ਦੀ ਟੀਮ ਹਾਲਾਂਕਿ ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸੀ। ਪਰ ਇਸ ਹਾਰ ਕਾਰਨ ਦੱਖਣੀ ਅਫ਼ਰੀਕਾ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਹੁਣ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਚ ਜੋ ਵੀ ਜੇਤੂ ਬਣੇਗਾ ਉਹ ਸੈਮੀਫਾਈਨਲ 'ਚ ਜਗ੍ਹਾ ਬਣਾ ਲਵੇਗਾ।
ਟੀਮ ਇੰਡੀਆ ਗਰੁੱਪ ਬੀ ਤੋਂ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸੈਮੀਫਾਈਨਲ 'ਚ ਭਾਰਤ ਦੀ ਟੱਕਰ ਇੰਗਲੈਂਡ ਨਾਲ ਹੋਵੇਗੀ। ਦੂਜੇ ਪਾਸੇ ਨਿਊਜ਼ੀਲੈਂਡ ਦੀ ਪਾਕਿਸਤਾਨ ਜਾਂ ਬੰਗਲਾਦੇਸ਼ ਨਾਲ ਟੱਕਰ ਹੋ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ