Vinesh Phogat Paris Olympics- ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਮੈਡਲ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ। ਇਹ ਖੁਲਾਸਾ ਵਿਨੇਸ਼ ਫੋਗਾਟ ਦੇ ਕੋਚ ਵਾਲਰ ਅਕੋਸ ਨੇ ਕੀਤਾ ਹੈ। ਹੰਗਰੀ ਦੇ ਵਾਲਰ ਨੇ ਸੋਸ਼ਲ ਮੀਡੀਆ ‘ਤੇ ਇਕ ਲੰਬੀ ਪੋਸਟ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੇ ਬਾਅਦ ਵਿਚ ਇਸ ਨੂੰ ਡਲੀਟ ਵੀ ਕਰ ਦਿੱਤਾ।
ਹੰਗਰੀ ਤੋਂ ਵਾਲਰ ਅਕੋਸ ਨੇ ਫੇਸਬੁੱਕ ‘ਤੇ ਵਿਨੇਸ਼ ਫੋਗਾਟ ਦੇ ਵਧਦੇ ਭਾਰ ਅਤੇ ਇਸ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਲਿਖਿਆ। ਫਸਟਪੋਸਟ ਮੁਤਾਬਕ ਵਾਲਰ ਅਕੋਸ ਨੇ ਲਿਖਿਆ, ‘ਸੈਮੀਫਾਈਨਲ ਜਿੱਤਣ ਤੋਂ ਬਾਅਦ ਉਸ ਦਾ (ਵਿਨੇਸ਼) ਭਾਰ 2.7 ਕਿਲੋ ਵੱਧ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰ ਘਟਾਉਣ ਲਈ ਇਕ ਘੰਟਾ 20 ਮਿੰਟ ਤੱਕ ਕਸਰਤ ਕੀਤੀ। ਇਸ ਦੇ ਬਾਵਜੂਦ ਉਸ ਦਾ ਭਾਰ 1.5 ਕਿਲੋ ਵੱਧ ਸੀ।
ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਸੀ
ਇਸ ਤੋਂ ਬਾਅਦ ਉਨ੍ਹਾਂ ਨੂੰ 50 ਮਿੰਟ ਤੱਕ ਸੋਨਾ ਬਾਥ ਕਰਵਾਇਆ ਗਿਆ ਪਰ ਪਸੀਨੇ ਦੀ ਇੱਕ ਬੂੰਦ ਵੀ ਨਹੀਂ ਨਿਕਲੀ। ਇਸ ਤੋਂ ਬਾਅਦ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ। ਅਸੀਂ ਉਸ ਨੂੰ ਦੇਰ ਰਾਤ ਤੋਂ ਲੈ ਕੇ ਸਵੇਰੇ 5.30 ਵਜੇ ਤੱਕ ਕਈ ਤਰ੍ਹਾਂ ਦੀਆਂ ਕਾਰਡੀਓ ਮਸ਼ੀਨਾਂ ਅਤੇ ਕੁਸ਼ਤੀ ਦੇ ਦਾਅ ਕਰਵਾ ਕੇ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉਸ ਨੂੰ ਇੱਕ ਘੰਟੇ ਵਿੱਚ ਲਗਭਗ 45 ਮਿੰਟ ਲਈ ਕਸਰਤ ਕਰਾਉਂਦੇ ਅਤੇ ਵਿਚਕਾਰ ਦੋ-ਤਿੰਨ ਮਿੰਟ ਦਾ ਬ੍ਰੇਕ ਦਿੰਦੇ। ਉਹ ਇਕ ਵਾਰ ਤਾਂ ਲਗਭਗ ਬੇਹੋਸ਼ ਹੋ ਗਈ।
ਉਸ ਦੀ ਮੌਤ ਵੀ ਹੋ ਸਕਦੀ ਸੀ
ਅਸੀਂ ਕਿਸੇ ਤਰ੍ਹਾਂ ਉਸ ਨੂੰ ਜਗਾਇਆ ਅਤੇ ਉਸ ਨੂੰ ਇੱਕ ਘੰਟੇ ਲਈ ਸੋਨਾ ਬਾਥ ਕਰਵਾਉਣ ਲਈ ਕਿਹਾ। ਮੈਂ ਜਾਣਬੁੱਝ ਕੇ ਇੰਨੇ ਵਿਸਥਾਰ ਅਤੇ ਨਾਟਕੀ ਰੂਪ ਵਿੱਚ ਸਭ ਕੁਝ ਨਹੀਂ ਦੱਸ ਰਿਹਾ ਹਾਂ। ਮੈਂ ਤਾਂ ਇਹ ਯਾਦ ਕਰ ਰਹੀ ਸੀ ਕਿ ਉਸ ਦੀ ਮੌਤ ਵੀ ਹੋ ਸਕਦੀ ਸੀ।’’ ਪੈਰਿਸ ਓਲੰਪਿਕ ‘ਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਫਾਈਨਲ ‘ਚ ਪਹੁੰਚੀ ਸੀ। ਵਿਨੇਸ਼ ਨੇ ਓਲੰਪਿਕ ਵਿੱਚ 50 ਕਿਲੋ ਕੁਸ਼ਤੀ ਵਰਗ ਵਿੱਚ ਹਿੱਸਾ ਲਿਆ ਸੀ।
ਉਸ ਨੇ ਦੋ ਦਿਨਾ ਮੈਚ ਦੇ ਪਹਿਲੇ ਦਿਨ ਤਿੰਨੋਂ ਮੈਚ ਜਿੱਤੇ। ਦੂਜੇ ਦਿਨ ਉਸ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਵੱਧ ਨਿਕਲਿਆ। ਇਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।ਵਾਲਰ ਅਕੋਸ ਉਸ ਹਨੇਰੀ ਰਾਤ ਦੀ ਕਹਾਣੀ ਨੂੰ ਆਪਣੀ ਪੋਸਟ ਵਿੱਚ ਅੱਗੇ ਲੈ ਜਾਂਦਾ ਹੈ। ਉਹ ਲਿਖਦੇ ਹਨ, ‘ਰਾਤ ਨੂੰ ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਸਾਡੀ ਗੱਲਬਾਤ ਦਿਲਚਸਪ ਸੀ। ਉਦੋਂ ਵਿਨੇਸ਼ ਫੋਗਾਟ ਨੇ ਕਿਹਾ ਸੀ ਕਿ ਕੋਚ, ਉਦਾਸ ਨਾ ਹੋਵੋ। ਤੁਸੀਂ ਮੈਨੂੰ ਦੱਸਿਆ ਕਿ ਜਦੋਂ ਮੈਂ ਆਪਣੇ ਆਪ ਨੂੰ ਮੁਸ਼ਕਲ ਸਥਿਤੀ ਵਿੱਚ ਪਾਵਾਂ ਅਤੇ ਵਾਧੂ ਤਾਕਤ ਦੀ ਜ਼ਰੂਰਤ ਹੋਵੇ, ਤਾਂ ਮੈਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਸਭ ਤੋਂ ਵਧੀਆ ਮਹਿਲਾ ਪਹਿਲਵਾਨ (ਜਾਪਾਨ ਦੀ ਯੂਈ ਸੁਸਾਕੀ) ਨੂੰ ਹਰਾਇਆ ਹੈ।
ਮੈਂ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ। ਮੈਂ ਸਾਬਤ ਕਰ ਦਿੱਤਾ ਹੈ ਕਿ ਮੈਂ ਦੁਨੀਆ ਦੇ ਸਭ ਤੋਂ ਵਧੀਆ ਪਹਿਲਵਾਨਾਂ ਵਿੱਚੋਂ ਇੱਕ ਹਾਂ। ਅਸੀਂ ਸਾਬਤ ਕੀਤਾ ਕਿ ਸਾਡਾ ਗੇਮ ਪਲਾਨ ਸਹੀ ਸੀ। ਮੈਡਲ ਅਤੇ ਪੋਡੀਅਮ ਸਿਰਫ਼ ਵਸਤੂਆਂ ਹਨ। ਪ੍ਰਦਰਸ਼ਨ ਨੂੰ ਕੋਈ ਨਹੀਂ ਖੋਹ ਸਕਦਾ।