ਨਵੀਂ ਦਿੱਲੀ: ਟੀਮ ਇੰਡੀਆ ਨੇ ਦੂਜੇ ਟੈਸਟ ‘ਚ ਵੈਸਟਇੰਡੀਜ਼ ਨੂੰ 257 ਦੌੜਾਂ ਨਾਲ ਹਰਾ ਟੈਸਟ ਸੀਰੀਜ਼ ਨੂੰ 2-0 ਨਾਲ ਆਪਣੇ ਨਾਂ ਕੀਤਾ। ਦੂਜੇ ਟੈਸਟ ‘ਚ ਮਿਲੀ ਜਿੱਤ ਵਿਰਾਟ ਕੋਹਲੀ ਲਈ ਬੇਹੱਦ ਖਾਸ ਹੈ ਕਿਉਂਕਿ ਹੁਣ ਉਹ ਧੋਨੀ ਨੂੰ ਪਿੱਛੇ ਛੱਡ ਟੀਮ ਇੰਡੀਆ ਦੇ ਸਭ ਤੋਂ ਕਾਮਯਾਬ ਟੈਸਟ ਕਪਤਾਨ ਬਣ ਗਏ ਹਨ। ਪਹਿਲੇ ਟੈਸਟ ‘ਚ ਜਿੱਤ ਨਾਲ ਵਿਰਾਟ ਕੋਹਲੀ ਨੇ ਧੋਨੀ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਵਿਰਾਟ ਕੋਹਲੀ 48 ਟੈਸਟ ‘ਚ ਕਪਤਾਨੀ ਕਰਦੇ ਹੋਏ ਟੀਮ ਇੰਡੀਆ ਦੇ ਸਭ ਤੋਂ ਕਾਮਯਾਬ ਕਪਤਾਨ ਬਣੇ ਹਨ। ਕੋਹਲੀ ਦੇ ਨਾਂ 48 ਟੈਸਟ ‘ਚ 28 ਜਿੱਤ ਦਰਜ ਹੋਈ ਹੈ। ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਨੂੰ 10 ਟੈਸਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ 10 ਟੈਸਟ ਡਰਾਅ ਰਹੇ। ਵਿਰਾਟ ਦੀ ਕਪਤਾਨੀ ‘ਚ ਟੀਮ ਇੰਡੀਆ ਦੀ ਜਿੱਤ ਦਾ ਔਸਤ 58.33 ਫੀਸਦੀ ਰਿਹਾ ਹੈ।


ਉਧਰ, ਧੋਨੀ ਨੇ ਭਾਰਤ ਦੇ ਲਈ 60 ਮੈਚਾਂ ‘ਚ ਕਪਤਾਨੀ ਕੀਤੀ ਸੀ। ਧੋਨੀ ਦੀ ਨੁਮਾਇੰਦਗੀ ‘ਚ ਟੀਮ ਨੇ 60 ਵਿੱਚੋਂ 27 ਮੈਚਾਂ ‘ਚ ਜਿੱਤ ਤੇ 18 ‘ਚ ਹਾਰ ਦਾ ਸਾਹਮਣਾ ਕੀਤਾ। ਧੋਨੀ ਦੌਰਾਨ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਔਸਤ 45 ਫੀਸਦੀ ਰਿਹਾ।

ਇਸ ਲਿਸਟ ‘ਚ ਸੌਰਵ ਗਾਂਗੁਲੀ ਤੀਜੇ ਨੰਬਰ ‘ਤੇ ਹਨ ਜਿਨ੍ਹਾਂ ਨੇ 47 ਟੈਸਟ ਖੇਡੇ ਜਿਨ੍ਹਾਂ ‘ਚ 21 ‘ਚ ਜਿੱਤ ਅਤੇ 13 ‘ਚ ਹਾਰ ਦਾ ਸਾਹਮਣਾ ਕੀਤਾ ਜਦਕਿ 15 ਟੈਸਟ ਡਰਾਅ ਰਹੇ। ਗਾਂਗੁਲੀ ਦੌਰਾਨ ਟੀਮ ਦੀ ਜਿੱਤ ਔਸਤ 42.86 ਫੀਸਦ ਰਹੀ।

10 ਸਾਲ ਤਕ ਗ੍ਰੀਮ ਸਮਿਥ ਦੱਖਣੀ ਅਫਰੀਕਾ ਦਾ ਕਪਤਾਨ ਰਿਹਾ ਹੈ। ਇਸ ਦੌਰਾਨ ਉਹ ਦੁਨੀਆ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ ਹਨ।