ਨਵੀਂ ਦਿੱਲੀ: ਵਿਰਾਟ ਕੋਹਲੀ ਦਾ ਆਸਟ੍ਰੇਲੀਆ ਖਿਲਾਫ ਮੰਗਲਵਾਰ ਨੂੰ ਮੁੰਬਈ ਵਨਡੇ '4 ਨੰਬਰ 'ਤੇ ਬੱਲੇਬਾਜ਼ੀ ਲਈ ਉਤਰਣ ਦਾ ਫੈਸਲਾ ਗਲਤ ਸਾਬਤ ਹੋਇਆ। ਕੋਹਲੀ ਨੇ 14 ਗੇਂਦਾਂ 'ਤੇ 16 ਦੌੜਾਂ ਦੀ ਪਾਰੀ ਖੇਡੀ। ਬੀਤੇ ਦਿਨ ਦੇ ਮੈਚ 'ਚ ਆਸਟ੍ਰੇਲੀਆ ਨੇ ਸ਼ਾਨਦਾਰ ਗੇਂਦਬਾਜ਼ੀ ਤੇ ਕਮਾਲ ਦੀ ਬੱਲੇਬਾਜ਼ੀ ਨਾਲ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।


ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, "ਮੈਂ ਵੀ 4 ਨੰਬਰ 'ਤੇ ਬੱਲੇਬਾਜ਼ੀ ਕਰਨ ਉੱਤਰਿਆ ਸੀ, ਤਾਂ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ। ਅਸੀਂ ਇਸ 'ਤੇ ਦੁਬਾਰਾ ਵਿਚਾਰ ਕਰਾਂਗੇ। ਇੱਕ ਮੈਚ ਤੋਂ ਬਾਅਦ ਹੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ"

ਕੋਹਲੀ ਨੇ ਅੱਗੇ ਕਿਹਾ, "ਇਹ ਫੈਸਲਾ ਕੁਝ ਖਿਡਾਰੀਆਂ ਨੂੰ ਮੌਕਾ ਦੇਣ ਲਈ ਲਿਆ ਗਿਆ। ਲੋਕਾਂ ਨੂੰ ਸਹਿਜ ਰਹਿਣਾ ਚਾਹੀਦਾ ਹੈ। ਮੈਨੂੰ ਕੁਝ ਪ੍ਰਯੋਗ ਕਰਨ ਦੀ ਇਜਾਜ਼ਤ ਹੈ। ਕਈ ਵਾਰ ਮੈਂ ਨਾਕਾਮਯਾਬ ਰਿਹਾ ਹਾਂ। ਇਸ ਵਾਰ ਵੀ ਅਜਿਹਾ ਹੀ ਕੁਝ ਹੋਇਆ। ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਬੈਟਿੰਗ ਪੋਜੀਸ਼ਨ ਨੂੰ ਲੈ ਕੇ ਚਰਚਾ ਕਰ ਚੁੱਕੇ ਹਾਂ"

ਕੋਹਲੀ ਦੇ ਨੰਬਰ ਚਾਰ 'ਤੇ ਮੈਦਾਨ 'ਚ ਉੱਤਰਣ 'ਤੇ ਭਾਰਤੀ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਕਿਹਾ, "ਕੋਹਲੀ ਨੇ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਕਾਫੀ ਮੈਚ ਜਿਤਾਏ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਐਕਸਪੈਰੀਮੈਂਟ ਦੀ ਲੋੜ ਨਹੀਂ"

ਇਸ ਤੋਂ ਇਲਵਾ ਸਾਬਕਾ ਭਾਰਤੀ ਕ੍ਰਿਕਟਰ ਵੀਵੀਐਸ ਲਕਸ਼ਮਣ ਤੇ ਸੰਜੇ ਮਾਂਜਰੇਕਰ ਨੇ ਵੀ ਕੋਹਲੀ ਦੇ ਇਸ ਫੈਸਲੇ ਨੂੰ ਗਲਤ ਦੱਸਿਆ।