ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਤੋਂ ਲੰਮੇ ਸਮੇਂ ਤੋਂ ਸੈਂਕੜਾ ਨਹੀਂ ਨਿੱਕਲਿਆ। ਉਨ੍ਹਾਂ ਅੰਤਰ- ਰਾਸ਼ਟਰੀ ਕ੍ਰਿਕਟ 'ਚ ਆਪਣਾ ਆਖਰੀ ਸੈਂਕੜਾ 2019 'ਚ ਬਣਾਇਆ ਸੀ। ਇਸ ਤੋਂ ਬਾਅਦ ਕੋਹਲੀ ਪਿਛਲੀਆਂ 43 ਪਾਰੀਆਂ 'ਚ ਸੈਂਕੜਾ ਨਹੀਂ ਲਾ ਸਕੇ।


ਇੰਗਲੈਂਡ ਖਿਲਾਫ ਦੂਜੇ ਵਨਡੇਅ 'ਚ ਕੋਹਲੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਹਾਲਾਂਕਿ 66 ਦੌੜਾਂ ਬਣਾਉਣ ਤੋਂ ਬਾਅਦ ਉਹ ਪਵੇਲੀਨ ਪਰਤ ਗਏ। ਇਸ ਦੇ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ 'ਚ 71ਵਾਂ ਸੈਂਕੜਾ ਲਾਉਣ ਨਾਲ ਕੋਹਲੀ ਇਕ ਵਾਰ ਫਿਰ ਖੁੰਝ ਗਏ। ਪਰ ਕੋਹਲੀ ਨਿਰਾਸ਼ ਨਹੀਂ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਸੈਂਕੜੇ ਲਈ ਨਹੀਂ ਖੇਡਦੇ।


ਸੈਂਕੜੇ ਲਈ ਨਹੀਂ ਖੇਡਦਾ- ਕੋਹਲੀ


ਕੋਹਲੀ ਨੇ ਇਸ ਬਾਰੇ ਕਿਹਾ, 'ਮੈਂ ਜ਼ਿੰਦਗੀ 'ਚ ਕਦੇ ਸੈਂਕੜੇ ਲਈ ਨਹੀਂ ਖੇਡਿਆ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਮੈਂ ਏਨੇ ਘੱਟ ਸਮੇਂ 'ਚ ਏਨੇ ਜ਼ਿਆਦਾ ਸੈਂਕੜੇ ਲਾ ਦਿੱਤੇ। ਮੇਰੇ ਲਈ ਟੀਮ ਦੀ ਜਿੱਤ ਜ਼ਿਆਦਾ ਮਹੱਤਵਪੂਰਨ ਹੈ। ਜੇਕਰ ਮੈਂ ਸੈਂਕੜਾ ਲਾਉਂਦਾ ਹਾਂ ਤੇ ਟੀਮ ਜਿੱਤ ਹਾਸਲ ਨਹੀਂ ਕਰਦੀ ਤਾਂ ਉਹ ਕੋਈ ਮਾਇਨੇ ਨਹੀਂ ਰੱਖਦਾ।'


ਕੋਹਲੀ ਨੇ ਸਵੀਕਾਰ ਕੀਤੀ ਹਾਰ


ਕੋਹਲੀ ਨੇ ਕਿਹਾ, 'ਅਸੀਂ ਇਸ ਮੈਚ ਵਿਚ ਸ਼ਾਨਦਾਰ ਹਿਟਿੰਗ ਦੇਖੀ। ਸਟੋਕਸ ਤੇ ਬੇਅਰਸਟੋ ਨੇ ਬਿਹਤਰੀਨ ਬੈਟਿੰਗ ਕੀਤੀ। ਸਾਨੂੰ ਇਸ ਸਾਂਝੇਦਾਰੀ ਦੌਰਾਨ ਵਾਪਸੀ ਦਾ ਮੌਕਾ ਨਹੀਂ ਮਿਲਿਆ। ਅਸੀਂ ਹਾਰ ਸਵੀਕਾਰ ਕਰਦੇ ਹਾਂ। ਅਸੀਂ ਕਿਸੇ ਤਰ੍ਹਾਂ ਦੀ ਬਹਾਨੇਬਾਜ਼ੀ ਨਹੀਂ ਕਰ ਸਕਦੇ। ਅਸੀਂ ਦੋ ਦਿਨ ਪਹਿਲਾਂ ਅਜਿਹੇ ਸਕੋਰ ਦਾ ਬਚਾਅ ਕੀਤਾ ਸੀ ਪਰ ਇਸ ਵਾਰ ਅਸੀਂ ਆਪਣੀ ਰਣਨੀਤੀ ਨੂੰ ਅਸਲੀ ਜਾਮਾ ਨਹੀਂ ਪਹਿਨਾ ਸਕੇ।'


ਕੋਹਲੀ ਨੇ ਕੇਐਲ ਰਾਹੁਲ ਤੇ ਰਿਸ਼ਭ ਪੰਤ ਦੀ ਤਾਰੀਫ ਕੀਤੀ


ਕੋਹਲੀ ਨੇ ਸੈਂਕੜਾ ਜੜਨ ਵਾਲੇ ਕੇਐਲ ਰਾਹੁਲ ਤੇ ਤੂਫਾਨੀ ਪਾਰੀ ਖੇਡਣ ਵਾਲੇ ਰਿਸ਼ਭ ਪੰਤ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, ''ਅਸੀਂ ਦੋ ਵਿਕੇਟ ਜਲਦੀ ਗਵਾ ਲਏ ਤੇ ਸਾਨੂੰ ਚੰਗੀ ਸਾਂਝੇਦਾਰੀ ਦੀ ਲੋੜ ਸੀ। ਮੈ ਤੇ ਰਾਹੁਲ ਨੇ ਅਜਿਹਾ ਕੀਤਾ ਮੈਂ ਰਾਹੁਲ ਨੂੰ ਲੈਕੇ ਬਹੁਤ ਖੁਸ਼ ਹਾਂ। ਬਾਅਦ 'ਚ ਰਿਸ਼ਭ ਪੰਤ ਨੇ ਮੈਚ ਦਾ ਰੁਖ ਬਦਲ ਦਿੱਤਾ।'