ਪਰਥ: ਚਾਰ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਦੀਆਂ ਪਹਿਲੀਆਂ ਪਾਰੀਆਂ ਖ਼ਤਮ ਹੋ ਚੁੱਕੀਆਂ ਹਨ ਅਤੇ ਭਾਰਤੀ ਟੀਮ ਆਸਟ੍ਰੇਲੀਆ ਦੀ ਲੀਡ ਵੀ ਪੂਰੀ ਤਰ੍ਹਾਂ ਉਤਾਰ ਨਾ ਸਕੇ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ 'ਤੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਪੂਰੀ ਭਾਰਤੀ ਟੀਮ 283 ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਵਿਰਾਟ ਕੋਹਲੀ ਦਾ ਸੈਂਕੜਾ ਵੀ ਕੰਮ ਨਾ ਆਏ। ਇਸ ਸਮੇਂ ਆਸਟ੍ਰੇਲੀਆ ਨੇ ਦੂਜੀ ਪਾਰੀ ਲਈ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਬਿਨਾ ਕਿਸੇ ਨੁਕਸਾਨ ਦੇ 17 ਦੌੜਾਂ ਬਣਾ ਲਈਆਂ ਹਨ।


ਤੀਜੇ ਦਿਨ ਦੀ ਖੇਡ ਸ਼ੁਰੂ ਹੁੰਦਿਆਂ ਹੀ ਅਜਿੰਕਿਆ ਰਹਾਣੇ ਸਕੋਰ ਵਿੱਚ ਕੋਈ ਵਾਧਾ ਕੀਤੇ ਬਗ਼ੈਰ ਹੀ ਪੈਵੇਲੀਅਨ ਪਰਤ ਗਏ। ਪਰ ਕਪਤਾਨ ਵਿਰਾਟ ਕੋਹਲੀ ਨੇ 123 ਦੌੜਾਂ ਬਣਾ ਕੇ ਆਪਣਾ ਕਰੀਅਰ ਦਾ 63ਵਾਂ ਸੈਂਕੜਾ ਪੂਰਾ ਕੀਤਾ। ਕੋਹਲੀ ਦੇ ਜਾਣ ਤੋਂ ਬਾਅਦ ਜਿਵੇਂ ਭਾਰਤੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਈ। ਭਾਰਤ ਦੀ ਅੱਧੀ ਤੋਂ ਵੱਧ ਟੀਮ ਤਾਂ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।

ਇਹ ਵੀ ਪੜ੍ਹੋ: IND vs AUS ਟੈਸਟ: ਕੋਹਲੀ ਤੇ ਰਹਾਣੇ ਨੇ ਸੰਭਾਲੀ ਭਾਰਤੀ ਪਾਰੀ

ਆਸਟ੍ਰੇਲੀਆ ਦੇ ਨਥਾਨ ਲਿਓਨ ਸਭ ਤੋਂ ਕਿਫਾਇਤੀ ਗੇਂਦਬਾਜ਼ ਨਿੱਕਲੇ। ਉਨ੍ਹਾਂ 35 ਓਵਰਾਂ ਵਿੱਚ ਸਿਰਫ਼ 67 ਦੌੜਾਂ ਦਿੰਦਿਆਂ ਪੰਜ ਵਿਕਟਾਂ ਹਾਸਲ ਕੀਤੀਆਂ। ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ ਨੇ ਦੋ-ਦੋ ਵਿਕਟਾਂ ਝਟਕਾਈਆਂ ਅਤੇ ਪੈਟ ਕੰਮਿਨਸ ਨੇ ਇੱਕ ਖਿਡਾਰੀ ਨੂੰ ਆਊਟ ਕੀਤਾ। ਭਾਰਤ ਇਸ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਲੜੀ ਵਿੱਚ ਅੱਗੇ ਬਣਿਆ ਹੋਇਆ ਹੈ ਪਰ ਦੂਜਾ ਮੈਚ ਉੱਪਰ ਆਸਟ੍ਰੇਲੀਆ ਨੇ ਪਕੜ ਮਜ਼ਬੂਤ ਬਣਾ ਰੱਖੀ ਹੈ ਅਤੇ ਮੈਚ ਨਾਂਅ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਵੀ ਲਾ ਰਿਹਾ ਹੈ।