ਨਵੀਂ ਦਿੱਲੀ : ਸਿੱਧੂ ਮੂਸੇਵਾਲਾ... ਇੱਕ ਅਜਿਹਾ ਪੰਜਾਬੀ ਗਾਇਕ ਜਿਸ ਨੇ ਜਿੰਨੀ ਛੇਤੀ ਸਫ਼ਲਤਾ ਹਾਸਿਲ ਕਰਕੇ ਦੁਨੀਆਂ 'ਚ ਨਾਮ ਕਮਾਇਆ, ਓਨੀ ਹੀ ਛੇਤੀ ਸਾਰਿਆਂ ਨੂੰ ਛੱਡ ਕੇ ਵੀ ਚਲਿਆ ਗਿਆ। ਬੀਤੀ ਸੋਮਵਾਰ ਸ਼ਾਮ ਨੂੰ ਕੁਝ ਬਦਮਾਸ਼ਾਂ ਨੇ ਸਿੱਧੂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ 2 ਦੋਸਤ ਜ਼ਖ਼ਮੀ ਹੋ ਗਏ।


ਮੂਸੇਵਾਲਾ ਦੀ ਮੌਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਇੱਕ ਮਸ਼ਹੂਰ ਸਟਾਰ ਗੈਂਗਸਟਰ ਦਾ ਸ਼ਿਕਾਰ ਹੋ ਗਿਆ। ਮੂਸੇਵਾਲਾ ਦੀ ਮੌਤ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਦੁਖੀ ਹਨ। ਮੂਸੇਵਾਲਾ ਘਰ ਦਾ ਇਕਲੌਤਾ ਪੁੱਤਰ ਸੀ, ਜਿਸ ਨੂੰ ਉਸ ਦੇ ਮਾਪਿਆਂ ਨੇ ਗੁਆ ਦਿੱਤਾ। ਮਾਪਿਆਂ ਦਾ ਬੁਰਾ ਹਾਲ ਹੈ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਵੀ ਇਸ ਦੁਖਦ ਪਲ ਨੂੰ ਦੇਖ ਕੇ ਭਾਵੁਕ ਹੋ ਗਏ।


ਇਕ ਟਵੀਟ 'ਚ ਸਹਿਵਾਗ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਬੇਟੇ ਦੀ ਲਾਸ਼ ਨੂੰ ਦੇਖ ਕੇ ਗਾਇਕਾ ਦੀ ਮਾਂ ਹੰਝੂਆਂ 'ਚ ਹੈ। ਦੂਜੇ ਪਾਸੇ ਜਦੋਂ ਪੁੱਤਰ ਨੂੰ ਅੰਤਮ ਸਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਪਿਓ ਸਾਰਿਆਂ ਦੇ ਸਾਹਮਣੇ ਆਪਣੀ ਪੱਗ ਲਾਹ ਕੇ ਰੋਂਦੇ ਹੋਏ ਨਜ਼ਰ ਆਏ। ਇਹ ਪਲ ਬਹੁਤ ਦੁਖਦਾਈ ਸੀ। ਹਜ਼ਾਰਾਂ ਪ੍ਰਸ਼ੰਸਕ ਮੌਜੂਦ ਸਨ, ਜੋ ਹੰਝੂ ਨਹੀਂ ਰੋਕ ਸਕੇ। ਇੱਕ ਮਾਤਾ-ਪਿਤਾ ਨੇ ਆਪਣੇ 28 ਸਾਲਾ ਜਵਾਨ ਪੁੱਤ ਨੂੰ ਗੁਆ ਦਿੱਤਾ, ਜਿਸ ਦਾ ਦਰਦ ਸਾਰਿਆਂ ਨੂੰ ਹੈ। ਦੂਜੇ ਪਾਸੇ ਸਹਿਵਾਗ ਨੇ ਟਵੀਟ ਕਰਦੇ ਹੋਏ ਲਿਖਿਆ, "ਰੱਬ ਕਿਸੇ ਵੀ ਮਾਤਾ-ਪਿਤਾ ਨੂੰ ਅਜਿਹਾ ਦਿਨ ਨਾ ਦਿਖਾਵੇ, ਜਿੱਥੇ ਉਨ੍ਹਾਂ ਦਾ ਬੇਟਾ ਜਵਾਨੀ 'ਚ ਹੀ ਚਲਾ ਜਾਵੇ।"


ਇਹ ਗੱਲਾਂ ਕਹੀਆਂ


ਸਹਿਵਾਗ ਨੇ ਲਿਖਿਆ, "ਮਾਤਾ-ਪਿਤਾ ਦਾ ਦਰਦ ਅਸਹਿਣਸ਼ੀਲ ਹੈ। ਕੋਈ ਵੀ ਮਾਂ ਅਤੇ ਕੋਈ ਪਿਤਾ ਆਪਣੇ ਬੱਚੇ ਨੂੰ ਇੰਨੀ ਛੋਟੀ ਉਮਰ 'ਚ ਦੁਨੀਆਂ ਨੂੰ ਛੱਡਦਾ ਨਹੀਂ ਵੇਖਣਾ ਚਾਹੁੰਦਾ। ਵਾਹਿਗੁਰੂ ਪਰਿਵਾਰ ਨੂੰ ਤਾਕਤ ਦੇਵੇ।"


ਦੱਸ ਦੇਈਏ ਕਿ ਸਿੱਧੂ ਆਪਣੇ ਪਿਤਾ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੇ ਸਨ। ਜਿੱਥੇ ਵੀ ਸ਼ੋਅ ਹੁੰਦੇ ਸਨ, ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਜਾਂਦੇ ਸਨ। ਉਹ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਦੇ ਹੁੰਦੇ ਸਨ ਕਿ ਕਿਵੇਂ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ। ਉਂਜ ਤਾਂ ਥੋੜ੍ਹੇ ਸਮੇਂ 'ਚ ਹੀ ਪੰਜਾਬੀ ਇੰਡਸਟਰੀ 'ਚ ਵੱਡਾ ਨਾਂਅ ਕਮਾਉਣ ਵਾਲੇ ਸਿੱਧੂ ਭਾਵੇਂ ਨਹੀਂ ਰਹੇ, ਪਰ ਉਨ੍ਹਾਂ ਦੇ ਗੀਤ ਆਉਣ ਵਾਲੇ ਕਈ ਸਾਲਾਂ ਤੱਕ ਨੌਜਵਾਨਾਂ ਦੇ ਦਿਲ-ਦਿਮਾਗ 'ਚ ਗੂੰਜਦੇ ਰਹਿਣਗੇ।






ਸਿੱਧੂ ਅਮਰ ਰਹੇਗਾ


ਦੱਸ ਦੇਈਏ ਕਿ ਸਿੱਧੂ ਦਾ ਅੰਤਮ ਸਸਕਾਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਕੀਤਾ ਗਿਆ। ਸਿੱਧੂ ਦਾ ਸਸਕਾਰ ਉਨ੍ਹਾਂ ਦੀ ਆਪਣੀ ਜ਼ਮੀਨ 'ਤੇ ਕੀਤਾ ਗਿਆ, ਜਿੱਥੇ ਉਹ ਆਪਣੇ ਪਸੰਦੀਦਾ ਟਰੈਕਟਰ ਐਚਐਮਟੀ 5911 ਨਾਲ ਖੇਤੀ ਕਰਦੇ ਸਨ। ਸਿੱਧੂ ਨੇ ਬੜੇ ਪਿਆਰ ਨਾਲ ਟਰੈਕਟਰ ਰੱਖਿਆ ਸੀ ਅਤੇ ਇਸ ਨੂੰ ਮੋਡੀਫਾਈ ਕਰਵਾਇਆ ਸੀ। ਅੰਤਮ ਸਸਕਾਰ ਮੌਕੇ ਇਕੱਠੇ ਹੋਏ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕਾਂ ਨੇ 'ਸਿੱਧੂ ਅਮਰ ਰਹੇਗਾ' ਦੇ ਨਾਅਰੇ ਲਾਏ। ਉਨ੍ਹਾਂ ਦੀ ਅੰਤਿਮ ਯਾਤਰਾ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਦੇ ਇਕੱਠ ਨੇ ਦਿਖਾਇਆ ਕਿ ਸਿੱਧੂ ਨੇ ਲੋਕਾਂ ਦਾ ਦਿਲ ਜਿੱਤਿਆ ਸੀ। ਇਸ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਹੋਰਨਾਂ ਸੂਬਿਆਂ ਤੋਂ ਵੀ ਪ੍ਰਸ਼ੰਸਕ ਪਹੁੰਚੇ। ਹੁਣ ਇਹੀ ਟਰੈਕਟਰ ਸਿੱਧੂ ਦੇ ਅੰਤਮ ਸਸਕਾਰ ਲਈ ਸਜਾਇਆ ਗਿਆ ਸੀ। ਸਿੱਧੂ ਨੇ 5911 ਨਾਂਅ 'ਤੇ ਯੂ-ਟਿਊਬ ਚੈਨਲ ਵੀ ਬਣਾਇਆ ਸੀ, ਜਿਸ ਦੇ 1.62 ਮਿਲੀਅਨ ਸਬਸਕ੍ਰਾਈਬਰ ਹਨ।