ਮੁੰਬਈ: ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ 2-1 ਨਾਲ ਜਿੱਤ ਕੇ ਇੰਗਲੈਂਡ ਦੀ ਧਰਤੀ 'ਤੇ ਜਿੱਤ ਦਾ ਅੱਠ ਸਾਲ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਭਾਰਤੀ ਟੀਮ ਨੇ ਆਖਰੀ ਵਾਰ ਸਾਲ 2014 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਵਨਡੇ ਸੀਰੀਜ਼ ਜਿੱਤੀ ਸੀ, ਜਿਸ ਤੋਂ ਬਾਅਦ ਹੁਣ ਪਹਿਲੀ ਵਾਰ ਟੀਮ ਨੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਜਿੱਤਣ ਦਾ ਕਾਰਨਾਮਾ ਕੀਤਾ ਹੈ। ਇਸ ਸੀਰੀਜ਼ ਦੌਰਾਨ ਭਾਰਤੀ ਟੀਮ ਨੇ ਮਾਨਚੈਸਟਰ ਦੇ ਮੈਦਾਨ 'ਤੇ ਲਗਾਤਾਰ ਹਾਰ ਦਾ ਸਿਲਸਿਲਾ ਵੀ ਤੋੜਿਆ ਤੇ ਆਖਰੀ ਮੈਚ ਪੰਜ ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਹਾਲਾਂਕਿ ਇਸ ਸੀਰੀਜ਼ ਦੀ ਜਿੱਤ ਦੇ ਨਾਲ ਹੀ ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਧੋਨੀ ਤੇ ਕੋਹਲੀ ਤੋਂ ਬਾਅਦ ਟੀਮ ਇੰਡੀਆ ਦੀ ਜ਼ਰੂਰਤ ਦੀ ਜਾਣਕਾਰੀ ਦਿੱਤੀ।


ਸਾਬਕਾ ਪਾਕਿਸਤਾਨੀ ਸਪਿਨਰ ਦਾਨਿਸ਼ ਕਨੇਰੀਆ ਇਸ ਸੀਰੀਜ਼ 'ਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੇ ਪ੍ਰਦਰਸ਼ਨ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ਕੂ (Koo) ਐਪ 'ਤੇ ਮੈਚ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਤੇ ਕਈ ਵੇਰਵੇ ਦਿੱਤੇ। ਇਸ ਵੀਡੀਓ 'ਚ ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਇੰਗਲੈਂਡ ਤੇ ਭਾਰਤ ਵਿਚਾਲੇ ਵਨਡੇ ਸੀਰੀਜ਼ 'ਚ ਮੈਨ ਆਫ ਦਿ ਸੀਰੀਜ਼ ਦਾ ਖਿਤਾਬ ਦਿੱਤਾ ਗਿਆ ਹੈ।


ਸੀਰੀਜ਼ 'ਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਕਾਰਨ ਹਾਰਦਿਕ ਟੀਮ ਇੰਡੀਆ ਦਾ ਅਹਿਮ ਹਿੱਸਾ ਬਣ ਗਏ ਹਨ।17 ਜੁਲਾਈ ਨੂੰ ਟੀਮ ਇੰਡੀਆ ਨੇ ਮੈਨਚੈਸਟਰ ਮੈਦਾਨ 'ਤੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਸੀ। ਇਸ ਮੈਚ 'ਚ ਹਾਰਦਿਕ ਨੇ ਯੁਵਰਾਜ ਸਿੰਘ ਦਾ ਰਿਕਾਰਡ ਵੀ ਤੋੜਿਆ ਤੇ ਚਾਰ ਵਿਕਟਾਂ ਲਈਆਂ ਅਤੇ ਅਰਧ ਸੈਂਕੜਾ ਵੀ ਲਗਾਇਆ। ਹਾਰਦਿਕ ਨੇ 55 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ।







ਹਾਰਦਿਕ ਨੇ ਇੰਗਲੈਂਡ ਖਿਲਾਫ ਤੀਜੇ ਵਨਡੇ 'ਚ ਗੇਂਦਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਲਈਆਂ ਸਨ। ਹਾਰਦਿਕ ਨੇ ਕੁੱਲ ਸੱਤ ਓਵਰ ਗੇਂਦਬਾਜ਼ੀ ਕੀਤੀ ਜਿਸ ਵਿੱਚ ਤਿੰਨ ਓਵਰ ਮੇਡਨ ਸਨ ਤੇ ਉਸ ਨੇ ਸਿਰਫ਼ 24 ਦੌੜਾਂ ਹੀ ਖਰਚ ਕੀਤੀਆਂ।  ਆਪਣੇ ਪਹਿਲੇ ਸਪੈਲ ਵਿੱਚ, ਹਾਰਦਿਕ ਨੇ ਚਾਰ ਓਵਰਾਂ ਵਿੱਚ ਸਿਰਫ ਦੋ ਦੌੜਾਂ ਦਿੱਤੀਆਂ ਅਤੇ ਤਿੰਨ ਮੇਡਨ ਓਵਰ ਸੁੱਟੇ।  ਇਹ ਵਨਡੇ ਕ੍ਰਿਕਟ 'ਚ ਹਾਰਦਿਕ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਬਣ ਗਿਆ ਹੈ।







ਸਕੋਰ ਦਾ ਪਿੱਛਾ ਕਰਦਿਆਂ ਜਦੋਂ ਭਾਰਤ ਨੇ ਚਾਰ ਵਿਕਟਾਂ ਗੁਆ ਦਿੱਤੀਆਂ ਤਾਂ ਹਾਰਦਿਕ ਨੇ ਰਿਸ਼ਭ ਪੰਤ ਨਾਲ ਮਿਲ ਕੇ ਪੰਜਵੇਂ ਵਿਕਟ ਲਈ 133 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਇਸ ਸਾਂਝੇਦਾਰੀ ਦੀ ਬਦੌਲਤ ਭਾਰਤ ਆਖਰੀ ਮੈਚ ਤੇ ਸੀਰੀਜ਼ ਜਿੱਤਣ 'ਚ ਕਾਮਯਾਬ ਰਿਹਾ। ਹਾਰਦਿਕ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।  ਹਾਰਦਿਕ ਨੇ ਵਨਡੇ ਸੀਰੀਜ਼ ਦੇ ਤਿੰਨ ਮੈਚਾਂ 'ਚ 100 ਦੌੜਾਂ ਬਣਾਈਆਂ ਅਤੇ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਸਨ। ਇਸ ਤੋਂ ਇਲਾਵਾ ਉਸ ਨੇ ਤਿੰਨ ਮੈਚਾਂ ਵਿੱਚ ਛੇ ਵਿਕਟਾਂ ਵੀ ਲਈਆਂ। ਇਸ ਆਲਰਾਊਂਡਰ ਪ੍ਰਦਰਸ਼ਨ ਦੇ ਕਾਰਨ ਹਾਰਦਿਕ ਨੂੰ ਪਲੇਅਰ ਆਫ ਦ ਸੀਰੀਜ਼ ਚੁਣਿਆ ਗਿਆ।







ਗਾਂਗੁਲੀ-ਸਚਿਨ ਦੀ ਖਾਸ ਸੂਚੀ 'ਚ ਹਾਰਦਿਕ ਨੂੰ ਸ਼ਾਮਲ ਕੀਤਾ ਗਿਆ
ਇਸ ਪਾਰੀ ਨਾਲ ਹਾਰਦਿਕ ਪੰਡਯਾ ਨੇ ਰਿਕਾਰਡ ਬੁੱਕ 'ਚ ਆਪਣਾ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਕਰ ਲਿਆ ਹੈ।  ਹਾਰਦਿਕ ਪੰਡਯਾ ਇੱਕ ਮੈਚ ਵਿੱਚ ਚਾਰ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਅਤੇ ਇੱਕੋ ਮੈਚ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤ ਦੇ ਪੰਜਵੇਂ ਖਿਡਾਰੀ ਬਣਨ ਦੇ ਨਾਲ, ਸੌਰਵ ਗਾਂਗੁਲੀ ਸਚਿਨ ਤੇਂਦੁਲਕਰ ਵਰਗੇ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ।