ਨਵੀਂ ਦਿੱਲੀ: ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਕਲੀਨ ਸਵੀਪ ਕਰਨ ਤੋਂ ਬਾਅਦ ਟੀਮ ਇੰਡੀਆ ਜਿੱਤ ਦੇ ਨਵੇਂ ਰਿਕਾਰਡ 'ਤੇ ਪਹੁੰਚ ਗਈ ਹੈ। ਭਾਰਤੀ ਕ੍ਰਿਕਟ ਟੀਮ ਨੇ ਸਾਲ 2017 ਵਿੱਚ ਤਿੰਨੇ ਫਾਰਮੈਟ ਵਿੱਚ 53 ਮੈਚ ਖੇਡੇ ਜਿਨ੍ਹਾਂ ਵਿੱਚ 37 ਵਿੱਚ ਜਿੱਤ ਦਰਜ ਕੀਤੀ ਜੋ ਇੱਕ ਸਾਲ ਵਿੱਚ ਬਹੁਤ ਬਿਹਤਰ ਪ੍ਰਦਰਸ਼ਨ ਹੈ।

ਭਾਰਤ ਨੇ 2017 ਵਿੱਚ 11 ਟੈਸਟ ਮੈਚ ਖੇਡੇ ਜਿਸ ਵਿੱਚ ਸੱਤ ਮੈਚ ਜਿੱਤੇ ਤੇ ਇੱਕ ਵਿੱਚ ਹਾਰੇ। ਬਾਕੀ ਤਿੰਨ ਡਰਾਅ ਹੋ ਗਏ। ਇਸ ਸਾਲ 29 ਵਨਡੇ ਖੇਡੇ, ਇਨ੍ਹਾਂ ਵਿੱਚ 21 ਜਿੱਤੇ ਤੇ ਸਿਰਫ 7 ਮੈਚ ਹੀ ਹਾਰੇ। ਇੱਕ ਮੈਚ ਦਾ ਨਤੀਜਾ ਨਹੀਂ ਆਇਆ। ਇਸੇ ਤਰ੍ਹਾਂ ਟੀ-20 ਵਿੱਚ ਭਾਰਤ ਨੇ 2017 ਵਿੱਚ 13 ਮੈਚ ਖੇਡੇ ਤੇ 9 ਮੈਚ ਦਿੱਤੇ ਤੇ ਚਾਰ ਹਾਰੇ।

ਇੱਕ ਸਾਲ ਵਿੱਚ ਇਹ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ ਹੈ। ਇਸ ਤੋਂ ਪਹਿਲਾਂ 2016 ਵਿੱਚ 46 ਮੈਚਾਂ ਵਿੱਚੋਂ 31 ਜਿੱਤੇ ਸਨ। ਪਿਛਲੇ ਸਾਲ ਭਾਰਤੀ ਟੀਮ ਨੇ ਰਿਕਾਰਡ 9 ਟੈਸਟ, ਸੱਤ ਵਨਡੇ ਤੇ ਰਿਕਾਰਡ 15 ਟੀ-20 ਮੈਚ ਜਿੱਤੇ ਸਨ। ਕਿਸੇ ਇੱਕ ਸਾਲ ਵਿੱਚ ਵੱਧ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ 24 ਹੈ ਜੋ 1998 ਵਿੱਚ ਬਣਿਆ ਸੀ।

ਇੱਕ ਸਾਲ ਵਿੱਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਆਸਟ੍ਰੇਲੀਆ ਦੀ ਟੀਮ ਕੋਲ ਹੈ। ਆਸਟ੍ਰੇਲੀਆ ਨੇ 2003 ਵਿੱਚ 47 ਵਿੱਚੋਂ 38 ਮੈਚ ਜਿੱਤੇ ਸਨ। ਭਾਰਤ ਹੁਣ ਇਸ ਲਿਸਟ ਵਿੱਚ ਦੂਜੇ ਨੰਬਰ 'ਤੇ ਆ ਗਿਆ ਹੈ। ਇਸ ਤੋਂ ਬਾਅਦ ਆਸਟ੍ਰੇਲੀਆ (1999 ਵਿੱਚ 35), ਪਾਕਿਸਤਾਨ (2011 ਵਿੱਚ 34), ਆਸਟ੍ਰੇਲੀਆ (2007 ਤੇ 2009 ਵਿੱਚ 33 ਜਿੱਤ) ਤੇ ਸ੍ਰੀਲੰਕਾ (2014 ਵਿੱਚ 33 ਜਿੱਤ) ਦਾ ਨੰਬਰ ਆਉਂਦਾ ਹੈ।