ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ Google, Meta, X ਤੇ ਟੈਕ ਕੰਪਨੀਆਂ ਨੂੰ ਆਪਣੇ ਪਲੇਟਫਾਰਮ 'ਤੇ ਬੱਚਿਆਂ ਦੀ ਉਮਰ ਦੀ ਪੁਸ਼ਟੀ ਕਰਨ ਦਾ ਤਰੀਕਾ ਲੱਭਣ ਲਈ ਆਦੇਸ਼ ਜਾਰੀ ਕੀਤਾ ਹੈ। ਮਨੀ ਕੰਟਰੋਲ ਦੀ ਇਕ ਰਿਪੋਰਟ ਅਨੁਸਾਰ, ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਤਕਨੀਕੀ ਕੰਪਨੀਆਂ ਨੂੰ ਪਲੇਟਫਾਰਮ 'ਤੇ ਬੱਚਿਆਂ ਦੀ ਉਮਰ ਦੀ ਪੁਸ਼ਟੀ ਕਰਨ ਦਾ ਕੋਈ ਤਰੀਕਾ ਨਹੀਂ ਦੇਵੇਗੀ। ਇਸ ਦੀ ਬਜਾਏ ਇਨ੍ਹਾਂ ਕੰਪਨੀਆਂ ਨੂੰ ਸਰਕਾਰ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਉਹ ਖੁਦ ਦੇ ਟੈੱਕ-ਇਨੇਬਲਡ ਤਰੀਕਿਆਂ ਨੂੰ ਲੱਭਣ, ਜੋ ਕਿ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ (Digital Personal Data Protection Act) ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤੇ ਜਾਣ।


18 ਜੁਲਾਈ ਨੂੰ ਹੋਈ ਸੀ ਇਕ ਬੈਠਕ
ਰਿਪੋਰਟ ਮੁਤਾਬਕ ਇਸ ਵਿਸ਼ੇ 'ਤੇ ਚਰਚਾ ਕਰਨ ਲਈ 18 ਜੁਲਾਈ ਦੀ ਸਵੇਰ ਨੂੰ ਆਈਟੀ ਮੰਤਰਾਲੇ 'ਚ ਇਕ ਬੈਠਕ ਕੀਤੀ ਗਈ ਸੀ। ਮੀਟਿੰਗ ਦੀ ਪ੍ਰਧਾਨਗੀ MeitY ਦੇ ਸਕੱਤਰ ਐਸ ਕ੍ਰਿਸ਼ਨਨ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਦਯੋਗ ਵੱਲੋਂ ਮੈਟਾ, ਗੂਗਲ, ​​ਸ਼ੇਅਰਚੈਟ ਤੇ ਸਨੈਪ ਦੇ ਨੁਮਾਇੰਦੇ ਸ਼ਾਮਲ ਹੋਏ।



ਰਿਪੋਰਟ ਮੁਤਾਬਕ ਇਹ ਬੈਠਕ ਇਸ ਸੰਦਰਭ 'ਚ ਹੋਈ ਹੈ ਕਿ ਮੰਤਰਾਲਾ ਬੱਚਿਆਂ ਦੀ ਉਮਰ ਦੀ ਪੁਸ਼ਟੀ ਕਰਨ ਲਈ ਇਕ ਵੀ ਫੁੱਲ-ਪਰੂਫ ਤਰੀਕਾ ਨਹੀਂ ਲਿਆ ਪਾ ਰਿਹਾ। ਇਸ ਤੋਂ ਪਹਿਲਾਂ ਮੰਤਰਾਲੇ ਨੇ ਇਸ ਦੇ ਲਈ ਆਧਾਰ ਜਾਂ ਡਿਜੀਲਾਕਰ ਦੀ ਵਰਤੋਂ ਕਰਨ 'ਤੇ ਵਿਚਾਰ ਕੀਤਾ ਸੀ। ਹਾਲਾਂਕਿ, ਇਸ ਵਿਧੀ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਸਕਿਆ।



DPDP ਐਕਟ ਕੀ ਹੈ?
DPDP ਐਕਟ, 2023 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਬੱਚਿਆਂ ਦੀ ਕੈਟਾਗਰੀ ਨੂੰ ਪਰਿਭਾਸ਼ਿਤ ਕਰਦਾ ਹੈ। ਇਹ ਐਕਟ ਸਾਰੇ ਵਿਅਕਤੀਆਂ ਨੂੰ ਆਪਣੇ ਨਿੱਜੀ ਡੇਟਾ ਦੀ ਰੱਖਿਆ ਕਰਨ ਤੇ ਜਾਇਜ਼ ਉਦੇਸ਼ਾਂ ਲਈ ਡੇਟਾ ਦੀ ਵਰਤੋਂ ਕਰਨ ਦੀ ਵਿਵਸਥਾ ਹੈ। ਐਕਟ ਦੀ ਧਾਰਾ 9 ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੱਚੇ ਦੇ ਕਿਸੇ ਵੀ ਨਿੱਜੀ ਡੇਟਾ ਦੀ ਵਰਤੋਂ ਕਰਨ ਤੋਂ ਪਹਿਲਾਂ ਬੱਚੇ ਦੇ ਮਾਪਿਆਂ ਦੀ ਸਹਿਮਤੀ ਪ੍ਰਾਪਤ ਕਰਨ ਲਈ ਲਾਜ਼ਮੀ ਕਰਦੀ ਹੈ। ਕਾਨੂੰਨ ਬੱਚਿਆਂ ਦੇ ਵਿਹਾਰ ਦੀ ਨਿਗਰਾਨੀ ਕਰਨ ਅਤੇ ਬੱਚਿਆਂ 'ਤੇ ਨਿਰਦੇਸ਼ਿਤ ਇਸ਼ਤਿਹਾਰਾਂ ਨੂੰ ਟਰੈਕ ਕਰਨ 'ਤੇ ਵੀ ਪਾਬੰਦੀ ਲਗਾਉਂਦਾ ਹੈ।