Mobile Tariff Hike:  ਦੇਸ਼ ਦੀਆਂ ਤਿੰਨ ਸਭ ਤੋਂ ਵੱਡੀਆਂ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਮੋਬਾਈਲ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਮੋਬਾਈਲ ਟੈਰਿਫ ਵਧਾ ਕੇ ਨਵੇਂ ਪਲਾਨ ਪੇਸ਼ ਕੀਤੇ ਹਨ। ਇਸ ਵਾਧੇ ਤੋਂ ਬਾਅਦ ਗਾਹਕਾਂ 'ਤੇ ਮੋਬਾਈਲ ਟੈਰਿਫ ਦੇ ਖਰਚੇ ਦਾ ਬੋਝ ਵਧਣ ਵਾਲਾ ਹੈ।


ET ਦੀ ਇਕ ਰਿਪੋਰਟ ਮੁਤਾਬਕ, ਟੈਰਿਫ 'ਚ ਇਸ ਵਾਧੇ ਤੋਂ ਬਾਅਦ ਗਾਹਕਾਂ 'ਤੇ ਸਾਲਾਨਾ 47,500 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ। ਹਾਲ ਹੀ ਵਿੱਚ ਦੂਰਸੰਚਾਰ ਕੰਪਨੀਆਂ ਨੇ ਦੇਸ਼ ਵਿੱਚ ਗਾਹਕਾਂ ਨੂੰ 5G ਨੈੱਟਵਰਕ ਪ੍ਰਦਾਨ ਕਰਨ ਲਈ ਭਾਰੀ ਨਿਵੇਸ਼ ਕੀਤਾ ਹੈ। ਹੁਣ ਗਾਹਕਾਂ ਨੂੰ 5ਜੀ ਸੇਵਾ ਲੈਣ ਲਈ 71 ਫੀਸਦੀ ਜ਼ਿਆਦਾ ਦੇਣੇ ਪੈਣਗੇ। 


ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇ ਗਾਹਕਾਂ ਨੂੰ 5ਜੀ ਸੇਵਾ ਲੈਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। Jio ਗਾਹਕਾਂ ਨੂੰ 5G ਸੇਵਾ ਲਈ ਪਹਿਲਾਂ ਨਾਲੋਂ 46 ਫੀਸਦੀ ਜ਼ਿਆਦਾ ਪੈਸੇ ਖਰਚਣੇ ਪੈਣਗੇ। ਜਦੋਂ ਕਿ ਭਾਰਤੀ ਏਅਰਟੈੱਲ ਯੂਜ਼ਰਸ ਲਈ ਇਹ ਖ਼ਰਚ 71 ਫੀਸਦੀ ਤੋਂ ਜ਼ਿਆਦਾ ਹੈ।


ਜ਼ਿਕਰ ਕਰ ਦਈਏ ਕਿ ਨਵੇਂ ਟੈਰਿਫ ਪਲਾਨ ਦੇ ਅਨੁਸਾਰ, ਰਿਲਾਇੰਸ ਜੀਓ ਉਪਭੋਗਤਾਵਾਂ ਨੂੰ ਹੁਣ ਪ੍ਰਤੀ ਦਿਨ 2 ਜੀਬੀ ਡੇਟਾ ਲਈ 349 ਰੁਪਏ ਦੇਣੇ ਹੋਣਗੇ। ਪਹਿਲਾਂ, 239 ਰੁਪਏ ਦੇ ਬੇਸ ਪੈਕ 'ਤੇ, ਗਾਹਕਾਂ ਨੂੰ ਪ੍ਰਤੀ ਦਿਨ 1.5 ਜੀਬੀ ਡੇਟਾ ਮਿਲਦਾ ਸੀ। ਜਦਕਿ ਏਅਰਟੈੱਲ ਯੂਜ਼ਰ ਨੂੰ ਹੁਣ 2.5 ਜੀਬੀ ਡੇਟਾ ਪ੍ਰਤੀ ਦਿਨ ਲਈ 409 ਰੁਪਏ ਦੇਣੇ ਹੋਣਗੇ। ਪਹਿਲਾਂ ਗਾਹਕਾਂ ਨੂੰ 1.5 ਜੀਬੀ ਡੇਟਾ ਲਈ ਸਿਰਫ਼ 239 ਰੁਪਏ ਦੇਣੇ ਪੈਂਦੇ ਸਨ।


ਗਾਹਕਾਂ 'ਤੇ ਪਵੇਗਾ 47,000 ਕਰੋੜ ਰੁਪਏ ਦਾ ਵਾਧੂ ਬੋਝ 


ਰਿਪੋਰਟ 'ਚ ਗੋਲਡਮੈਨ ਸਾਕਸ ਦੇ ਅੰਦਾਜ਼ੇ ਮੁਤਾਬਕ ਕਿਹਾ ਗਿਆ ਹੈ ਕਿ ਜੀਓ ਦੇ ਟੈਰਿਫ ਪਲਾਨ ਨੂੰ ਵਧਾਉਣ ਦੇ ਫੈਸਲੇ ਤੋਂ ਬਾਅਦ ਪ੍ਰਤੀ ਯੂਜ਼ਰ ਦੀ ਔਸਤ ਆਮਦਨ (ARPU) 'ਚ 17 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਏਅਰਟੈੱਲ ਨੇ ਆਪਣੇ ਮੋਬਾਈਲ ਟੈਰਿਫ ਪਲਾਨ ਨੂੰ 11 ਤੋਂ 21 ਫੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵੋਡਾਫੋਨ ਅਤੇ ਆਈਡੀਆ ਨੇ ਵੀ ਆਪਣੇ ਟੈਰਿਫ ਪਲਾਨ 'ਚ 10 ਤੋਂ 23 ਫੀਸਦੀ ਦਾ ਵਾਧਾ ਕੀਤਾ ਹੈ। ਮੋਬਾਈਲ ਟੈਲੀਕਾਮ ਕੰਪਨੀਆਂ ਨੇ ਦਸੰਬਰ 2021 ਤੋਂ ਮੋਬਾਈਲ ਟੈਰਿਫ ਨਹੀਂ ਵਧਾਏ ਸਨ।