Air Taxi: ਹੁਣ ਸੜਕਾਂ 'ਤੇ ਨਾ ਹੀ ਜਾਮ ਲੱਗਣਗੇ ਤੇ ਨਾ ਹੀ ਐਕਸੀਡੈਂਟ ਹੋਣਗੇ। ਜੀ ਹਾਂ, ਜਲਦੀ ਹੀ ਤੁਸੀਂ ਭਾਰਤ ਵਿੱਚ ਹਵਾ ਵਿੱਚ ਉੱਡਦੀਆਂ ਟੈਕਸੀਆਂ ਦੇਖੋਦੇ। ਇੰਟਰਗਲੋਬ ਇੰਟਰਪ੍ਰਾਈਜਿਜ਼ ਤੇ ਆਰਚਰ ਐਵੀਏਸ਼ਨ ਨੇ ਇਸ ਸੇਵਾ ਨੂੰ ਭਾਰਤ ਵਿੱਚ ਲਿਆਉਣ ਲਈ ਹੱਥ ਮਿਲਾਇਆ ਹੈ। ਦੋਵੇਂ ਕੰਪਨੀਆਂ 2026 ਤੱਕ ਭਾਰਤ ਵਿੱਚ ਇਹ ਸੇਵਾ ਸ਼ੁਰੂ ਕਰਨਾ ਚਾਹੁੰਦੀਆਂ ਹਨ। 


ਦੱਸ ਦਈਏ ਕਿ ਭਾਰਤ ਵਿੱਚ ਏਅਰ ਟੈਕਸੀ ਸੇਵਾ ਦੇ ਆਉਣ ਤੋਂ ਬਾਅਦ, ਤੁਸੀਂ ਸਿਰਫ ਸੱਤ ਮਿੰਟ ਵਿੱਚ ਦਿੱਲੀ ਦੇ ਕਨਾਟ ਪਲੇਸ ਤੋਂ ਗੁੜਗਾਓਂ ਤੱਕ ਦਾ ਸਫਰ ਕਰ ਸਕੋਗੇ। ਵਰਤਮਾਨ ਵਿੱਚ, ਸੜਕ ਦੁਆਰਾ ਇਸ 27 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਨ ਵਿੱਚ 60 ਤੋਂ 90 ਮਿੰਟ ਲੱਗਦੇ ਹਨ।


 



ਐਮਓਯੂ 'ਤੇ ਦਸਤਖਤ ਕੀਤੇ
ਦੋਵਾਂ ਕੰਪਨੀਆਂ ਵੱਲੋਂ ਵੀਰਵਾਰ ਨੂੰ ਇੱਕ MOU 'ਤੇ ਦਸਤਖਤ ਕੀਤੇ ਗਏ ਹਨ। ਇਸ ਮੌਕੇ 'ਤੇ ਇੰਟਰਗਲੋਬ ਗਰੁੱਪ ਦੇ ਐਮਡੀ ਰਾਹੁਲ ਭਾਟੀਆ ਤੇ ਆਰਚਰ ਚੀਫ ਕਮਰਸ਼ੀਅਲ ਅਫਸਰ (ਸੀਸੀਓ) ਨਿਖਿਲ ਗੋਇਲ ਮੌਜੂਦ ਸਨ। ਇਸ ਦੌਰਾਨ ਭਾਰਤ ਵਿੱਚ ਏਅਰ ਟੈਕਸੀ ਲਿਆਉਣ ਦਾ ਫੈਸਲਾ ਲਿਆ ਗਿਆ। ਹੁਣ ਦੋਵੇਂ ਕੰਪਨੀਆਂ ਏਅਰ ਟੈਕਸੀ ਸੇਵਾ ਸ਼ੁਰੂ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣਗੀਆਂ।


ਇੰਡੀਗੋ ਏਅਰਲਾਈਨਜ਼ ਇੰਟਰਗਲੋਬ ਦਾ ਇੱਕ ਹਿੱਸਾ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ, ਇੰਟਰਗਲੋਬ ਐਂਟਰਪ੍ਰਾਈਜ਼ਿਜ਼ ਦਾ ਹਿੱਸਾ ਹੈ। ਉਥੇ ਹੀ ਆਰਚਰ ਨੂੰ ਇੱਕ ਇਲੈਕਟ੍ਰਿਕ ਵਾਹਨਾਂ ਤੇ ਜਹਾਜ਼ਾਂ ਨੂੰ ਕਿਰਾਏ 'ਤੇ ਦੇਣ ਵਾਲੀ ਕੰਪਨੀ ਵਜੋਂ ਦੇਖਿਆ ਜਾਂਦਾ ਹੈ।



ਇਲੈਕਟ੍ਰਿਕ ਏਅਰਕ੍ਰਾਫਟ ਕਿੱਥੇ ਵਰਤਿਆ ਜਾਵੇਗਾ?
ਮੈਟਰੋ ਸ਼ਹਿਰਾਂ 'ਚ ਹਵਾਈ ਟੈਕਸੀ ਸੇਵਾ ਪ੍ਰਦਾਨ ਕਰਨ ਤੋਂ ਇਲਾਵਾ ਦੋਵੇਂ ਕੰਪਨੀਆਂ ਕਾਰਗੋ, ਲੌਜਿਸਟਿਕਸ, ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਵਿੱਚ ਵੀ ਇਨ੍ਹਾਂ ਇਲੈਕਟ੍ਰਿਕ ਜਹਾਜ਼ਾਂ ਦੀ ਵਰਤੋਂ ਕਰਨਾ ਚਾਹੁੰਦੀਆਂ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਵੀ ਇਨ੍ਹਾਂ ਨੂੰ ਕਿਰਾਏ 'ਤੇ ਲੈ ਸਕਣਗੀਆਂ। ਪਾਇਲਟਾਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਭਾਰਤ ਵਿੱਚ ਇਸ ਸੇਵਾ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਵੀ ਕੰਮ ਕੀਤਾ ਜਾਵੇਗਾ।



ਚਾਰ ਲੋਕ ਯਾਤਰਾ ਕਰ ਸਕਣਗੇ
ਇਸ ਸੇਵਾ ਲਈ 200 ਆਰਚਰ ਮਿਡਨਾਈਟ ਏਅਰਕ੍ਰਾਫਟ ਖਰੀਦੇ ਜਾਣਗੇ। ਇਨ੍ਹਾਂ ਜਹਾਜ਼ਾਂ 'ਚ ਚਾਰ ਯਾਤਰੀ ਇਕੱਠੇ ਸਫਰ ਕਰ ਸਕਣਗੇ। ਇਨ੍ਹਾਂ ਜਹਾਜ਼ਾਂ ਨੂੰ ਅਕਸਰ ਛੋਟੀਆਂ ਯਾਤਰਾਵਾਂ ਕਰਨ ਲਈ ਤਿਆਰ ਕੀਤਾ ਗਿਆ ਹੈ। ਉਹ ਫਾਸਟ ਚਾਰਜ ਵੀ ਹੋ ਸਕਦੇ ਹਨ।


ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਸਮੱਸਿਆ ਦਾ ਹੱਲ ਹੋਵੇਗਾ
ਰਾਹੁਲ ਭਾਟੀਆ ਨੇ ਕਿਹਾ ਕਿ ਕੰਪਨੀ ਨੇ ਦੋ ਦਹਾਕਿਆਂ ਤੋਂ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਤੇ ਕਿਫਾਇਤੀ ਆਵਾਜਾਈ ਦੇ ਵਿਕਲਪ ਪ੍ਰਦਾਨ ਕੀਤੇ ਹਨ। ਹੁਣ ਅਸੀਂ ਇਸ ਇਲੈਕਟ੍ਰਿਕ ਏਅਰਕ੍ਰਾਫਟ ਨੂੰ ਪੇਸ਼ ਕਰਕੇ ਬਹੁਤ ਖੁਸ਼ ਹਾਂ। ਦੂਜੇ ਪਾਸੇ ਨਿਖਿਲ ਗੋਇਲ ਨੇ ਕਿਹਾ ਕਿ 1.4 ਕਰੋੜ ਦੀ ਆਬਾਦੀ ਵਾਲੇ ਭਾਰਤ ਦੇ ਕਈ ਸ਼ਹਿਰਾਂ ਨੂੰ ਭਾਰੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਏਅਰ ਟੈਕਸੀ ਰਾਹੀਂ ਇਸ ਸਮੱਸਿਆ ਦਾ ਹੱਲ ਪ੍ਰਦਾਨ ਕਰ ਰਹੇ ਹਾਂ।