Elon Musk : ਇੰਟਰਨੈੱਟ ਮੀਡੀਆ ਕੰਪਨੀ ਟਵਿੱਟਰ ਦੇ ਬੋਰਡ ਵੱਲੋਂ ਐਕੁਆਇਰ ਦੀ ਪੇਸ਼ਕਸ਼ ਸਵੀਕਾਰ ਕੀਤੇ ਜਾਣ ਮਗਰੋਂ ਐਲਨ ਮਸਕ ਹੁਣ ਕੰਪਨੀ ’ਚ ਨੌਕਰੀਆਂ ’ਤੇ ਕੈਂਚੀ ਚਲਾਉਣ ਜਾ ਰਹੇ ਹਨ। ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਬੈਂਕਰਾਂ ਨਾਲ ਮੀਟਿੰਗ ’ਚ ਉਨ੍ਹਾਂ ਮੁਲਾਜ਼ਮਾਂ ਦੀ ਮੁਹਾਰਤ ਨੂੰ ਲੈ ਕੇ ਚਰਚਾ ਕੀਤੀ ਹੈ।

ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਕ ਵਾਰ ਸੌਦਾ ਪੂਰਾ ਹੋ ਜਾਣ ਤੋਂ ਬਾਅਦ ਮੁਲਾਜ਼ਮਾਂ ’ਤੇ ਛਾਂਟੀ ਦੀ ਤਲਵਾਰ ਲਟਕ ਸਕਦੀ ਹੈ। ਦੂਜੇ ਪਾਸੇ ਇਕ ਹੋਰ ਰਿਪੋਰਟ ਮੁਤਾਬਕ ਮਸਕ ਨੇ ਟਵਿੱਟਰ ਲਈ ਫੰਡ ਇਕੱਠਾ ਕਰਨ ਵਾਲੀ ਇਕ ਬੈਠਕ ਦੌਰਾਨ ਨੌਕਰੀਆਂ ’ਚ ਕਟੌਤੀ ਕਰਨ ਦੀ ਗੱਲ ਕਹੀ ਹੈ। ਮਸਕ ਚਾਹੁੰਦੇ ਹਨ ਕਿ ਆਉਣ ਵਾਲੇ ਦਿਨਾਂ ’ਚ ਟਵਿੱਟਰ ਨੂੰ ਫੇਸਬੁੱਕ ਵਾਂਗ ਪੈਸਾ ਕਮਾਉਣ ਵਾਲੀ ਕੰਪਨੀ ਬਣਾਇਆ ਜਾ ਸਕੇ। ਇਸ ਲਈ ਉਹ ਲਗਾਤਾਰ ਮੰਥਨ ਕਰ ਰਹੇ ਹਨ।


ਖ਼ਾਸ ਗੱਲ ਇਹ ਹੈ ਕਿ ਕੰਪਨੀ ਤੇ ਉਸ ਦੇ ਸੀਈਓ ਪਰਾਗ ਅਗਰਵਾਲ ਨੇ ਇਨ੍ਹਾਂ ਖ਼ਬਰਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕੁਝ ਦਿਨ ਪਹਿਲਾਂ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪਰਾਗ ਅਗਰਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਫਿਲਹਾਲ ਛਾਂਟੀ ਜਿਹੀ ਕੋਈ ਗੱਲ ਨਹੀਂ ਹੈ।

ਟਵਿੱਟਰ ਨੂੰ ਐਕੁਆਇਰ ਕੀਤੇ ਜਾਣ ਤੋਂ ਬਾਅਦ ਹਾਲੇ ਤਕ ਐਲਨ ਮਸਕ ਨੇ ਪਾਲਿਸੀ ਹੈੱਡ ਵਿਜਯਾ ਗੱਡੇ ਨੂੰ ਛੱਡ ਕੇ ਕੰਪਨੀ ਦੇ ਕਿਸੇ ਵੱਡੇ ਅਧਿਕਾਰੀ ਦੀ ਕਾਰਜਪ੍ਰਣਾਲੀ ’ਤੇ ਕਿਸੇ ਤਰ੍ਹਾਂ ਦਾ ਸਵਾਲ ਨਹੀਂ ਚੁੱਕਿਆ ਹੈ। ਜਿਸ ਤੋਂ ਬਾਅਦ ਕੁਝ ਲੋਕਾਂ ਦਾ ਮੰਨਣਾ ਹੈ ਕਿ ਮਸਕ ਸੌਦਾ ਪੂਰਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਪਾਲਿਸੀ ਵਿਭਾਗ ’ਚ ਤਬਦੀਲੀ ਕਰਨਗੇ।

ਇਸ ਦੌਰਾਨ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪਰਾਗ ਦਾ ਇਕ ਆਡੀਓ ਕਲਿੱਪ ਸਾਹਮਣੇ ਆਇਆ ਹੈ। ਉਸ ’ਚ ਉਹ ਕਹਿੰਦੇ ਹਨ ਕਿ ਮਸਕ ਜਲਦੀ ਹੀ ਕੰਪਨੀ ਦੇ ਮੁਲਾਜ਼ਮਾਂ ਦੀਆਂ ਚਿੰਤਾਵਾਂ ਦੂਰ ਕਰਨਗੇ। ਉਨ੍ਹਾਂ ਕਿਹਾ, ਸੌਦਾ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਫ਼ੈਸਲੇ ਲਏ ਜਾ ਸਕਦੇ ਹਨ। ਇਸ ਬਾਰੇ ਮਸਕ ਹੀ ਸਾਨੂੰ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ। ਅਸੀਂ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਮਿਲਣ ਦਾ ਰਸਤਾ ਕੱਢਾਂਗੇ।