Battlegrounds Mobile India Update: PUBG ਦਾ ਇੰਡੀਅਨ ਵਰਜਨ Battlegrounds Mobile India ਦੇ ਲਾਂਚ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਦਿਖਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਇਸ ਉੱਪਰ ਵਾਰ-ਵਾਰ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ, ਦੂਜੇ ਪਾਸੇ ਖੇਡ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਗੇਮ ਨਿਰਮਾਤਾ ਕ੍ਰਾਫਟੌਨ 'ਤੇ ਚੀਨ, ਹਾਂਗਕਾਂਗ, ਅਮਰੀਕਾ ਤੇ ਮਾਸਕੋ ਵਿੱਚ ਸਰਵਰਾਂ ਨੂੰ ਗੇਮ ਦਾ ਡਾਟਾ ਭੇਜਣ ਦਾ ਇਲਜ਼ਾਮ ਹੈ। ਹਾਲਾਂਕਿ ਕ੍ਰਾਫਟਨ ਨੇ ਕਿਹਾ ਹੈ ਕਿ ਚੀਨ ਨਾਲ ਆਪਣਾ ਸਬੰਧ ਖਤਮ ਕਰਕੇ ਇਸ ਨੂੰ ਠੀਕ ਕਰਨ ਦੀ ਗੱਲ ਆਖੀ ਹੈ ਪਰ ਹੁਣ ਸਰਕਾਰ ਇਸ ਦੀ ਜਾਂਚ ਕਰ ਸਕਦੀ ਹੈ।



IGN ਇੰਡੀਆ ਦੀ ਰਿਪੋਰਟ ਅਨੁਸਾਰ, ਬੈਟਲਗ੍ਰਾਉਂਡ ਮੋਬਾਈਲ ਇੰਡੀਆ APK ਦੁਆਰਾ ਡੇਟਾ ਚੀਨ ਸਮੇਤ ਕਈ ਦੇਸ਼ਾਂ ਦੇ ਸਰਵਰਾਂ ਨੂੰ ਭੇਜਿਆ ਤੇ ਪ੍ਰਾਪਤ ਕੀਤਾ ਗਿਆ ਸੀ। ਕਥਿਤ ਤੌਰ 'ਤੇ ਡੇਟਾ ਬੀਜਿੰਗ ਵਿੱਚ ਚਾਈਨਾ ਮੋਬਾਈਲ ਕਮਿਊਨੀਕੇਸ਼ਨ ਸਰਵਰ, ਹਾਂਗ ਕਾਂਗ ਵਿੱਚ ਪ੍ਰੌਕਸੀਮਾ ਬੀਟਾ ਤੇ ਅਮਰੀਕਾ ਵਿਚ Microsoft Azure ਸਰਵਰ ਨੂੰ ਭੇਜਿਆ ਗਿਆ ਸੀ। ਬੈਟਲਗ੍ਰਾਉਂਡਜ਼ ਮੋਬਾਈਲ ਇੰਡੀਆ ਕਥਿਤ ਤੌਰ 'ਤੇ ਆਪਣੀ ਖੇਡ ਨੂੰ ਚਾਲੂ ਕਰਦੇ ਸਮੇਂ ਬੀਜਿੰਗ ਵਿੱਚ ਸਥਿਤ ਟੇਨਸੈਂਟ ਸਰਵਰ ਨੂੰ ਪਿੰਗ ਕਰਦਾ ਹੈ।

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਨੇ ਕੇਂਦਰੀ ਆਈਟੀ ਤੇ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਇੱਕ ਪੱਤਰ ਲਿਖ ਕੇ ਇਸ ਖੇਡ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਖੇਡ ਭਾਰਤ ਦੀ ਰਾਸ਼ਟਰੀ ਪ੍ਰਭੂਸੱਤਾ ਤੇ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਨੌਜਵਾਨਾਂ ਲਈ ਵੀ ਨੁਕਸਾਨਦੇਹ ਹੈ। CAIT ਨੇ ਪਾਬੰਦੀ ਦੀ ਮੰਗ ਦੇ ਨਾਲ ਹੀ ਗੂਗਲ ਤੋਂ Battlegrounds Mobile India ਡਿਵੈਲਪਰ ਕੰਪਨੀ ਕਰਾਫਟੋਨ ਨੂੰ ਗੇਮ ਲਈ ਗੂਗਲ ਪਲੇ ਸਟੋਰ ਪਲੇਟਫਾਰਮ ਦੀ ਵਰਤੋਂ ਨਾ ਕਰਨ ਦੀ ਆਗਿਆ ਦੇਣ ਲਈ ਵੀ ਕਿਹਾ ਹੈ। CAIT ਅਨੁਸਾਰ, ਬੈਟਲਗ੍ਰਾਉਂਡ ਮੋਬਾਈਲ ਇੰਡੀਆ ਵਿੱਚ ਪੀਯੂਬੀਜੀ ਵਰਗੀਆਂ ਵਿਸ਼ੇਸ਼ਤਾਵਾਂ ਹਨ ਤੇ ਇਹ ਭਾਰਤ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀ ਹੈ।

ਦੱਸ ਦੇਈਏ ਕਿ Battlegrounds Mobile India ਦਾ ਅਰਲੀ ਐਕਸੈਸ ਹਾਲ ਹੀ ਵਿੱਚ ਐਂਡਰਾਇਡ ਉਪਭੋਗਤਾਵਾਂ ਲਈ ਉਪਲਬਧ ਕਰਵਾਇਆ ਗਿਆ ਸੀ। ਗੇਮ ਨਿਰਮਾਤਾ ਕ੍ਰਾਫਟਨ ਦੇ ਅਨੁਸਾਰ, ਅਰਲੀ ਐਕਸੈਸ ਵਿੱਚ ਇਹ 50 ਲੱਖ ਡਾਊਨਲੋਡ ਨੂੰ ਪਾਰ ਕਰ ਗਈ ਹੈ।