Escobar virus: ਐਂਡ੍ਰਾਇਡ ਯੂਜ਼ਰਸ ਦੀ ਸਕਿਊਰਿਟੀ ਇੱਕ ਵਾਰ ਫਿਰ ਖਤਰੇ 'ਚ ਹੈ। ਇੱਕ ਨਵਾਂ ਟਰੋਜਨ ਮਾਲਵੇਅਰ ਆਇਆ ਹੈ ਜੋ ਇੱਕ ਨਵੇਂ ਨਾਂ ਤੇ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ। BleepingComputer ਦੀ ਇੱਕ ਰਿਪੋਰਟ ਅਨੁਸਾਰ Escobar ਨਾਂ ਦਾ ਇਹ ਮਾਲਵੇਅਰ ਤੁਹਾਡੇ ਫੋਨ ਰਾਹੀਂ ਤੁਹਾਡੀ ਬੈਂਕ ਜਾਣਕਾਰੀ ਚੋਰੀ ਕਰ ਸਕਦਾ ਹੈ ਤੇ ਤੁਹਾਡੇ ਬੈਂਕ ਖਾਤੇ ਨੂੰ ਵੀ ਖਾਲੀ ਕਰ ਸਕਦਾ ਹੈ। Escobar ਮਾਲਵੇਅਰ ਉਪਭੋਗਤਾਵਾਂ ਦੇ ਫੋਨਾਂ ਦਾ ਪੂਰਾ ਕੰਟਰੋਲ ਲੈ ਸਕਦਾ ਹੈ। ਜੇਕਰ ਕਿਸੇ ਕਾਰਨ ਇਹ ਮਾਲਵੇਅਰ ਤੁਹਾਡੇ ਫ਼ੋਨ ਵਿੱਚ ਚਲਾ ਜਾਂਦਾ ਹੈ ਤਾਂ ਇਹ ਤੁਹਾਡੇ ਫ਼ੋਨ ਦੀ ਰਿਕਾਰਡਿੰਗ ਕਰ ਸਕਦਾ ਹੈ।



ਇਹ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੀਆਂ ਤਸਵੀਰਾਂ ਲੈ ਸਕਦਾ ਹੈ। Escobar ਯੂਜ਼ਰਸ ਦੇ ਫੋਨ 'ਚ ਪਏ ਉਨ੍ਹਾਂ ਸਾਰੇ ਐਪਸ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਨ੍ਹਾਂ 'ਚ ਬੈਂਕ ਨਾਲ ਜੁੜੀ ਜਾਣਕਾਰੀ ਹੁੰਦੀ ਹੈ। ਰਿਪੋਰਟ ਦੇ ਅਨੁਸਾਰ, Escobar ਨੂੰ ਰੂਸ ਦੇ ਇੱਕ ਹੈਕਿੰਗ ਫੋਰਮ 'ਤੇ ਦੇਖਿਆ ਗਿਆ ਹੈ ਜਿੱਥੇ ਅਬੇਰੀਬੋਟ (Aberebot) ਡਿਵੈਲਪਰ ਇਸ ਬੈਂਕਿੰਗ ਟ੍ਰੋਜਨ ਨੂੰ ਪ੍ਰਮੋਟ ਕਰ ਰਿਹਾ ਹੈ। ਇਸ ਮਾਲਵੇਅਰ ਦੀ ਪਛਾਣ MalwareHunter, McAfee ਤੇ Cyble ਵਰਗੀਆਂ ਸੁਰੱਖਿਆ ਕੰਪਨੀਆਂ ਦੁਆਰਾ ਵੀ ਕੀਤੀ ਗਈ ਹੈ।

Aberebot/Escobar ਮਾਲਵੇਅਰ ਕਿਵੇਂ ਕੰਮ ਕਰਦਾ ?
Escobar ਕਿਸੇ ਹੋਰ ਬੈਂਕਿੰਗ ਟਰੋਜਨ ਵਾਂਗ ਕੰਮ ਕਰਦਾ ਹੈ। ਇਹ ਕਿਸੇ ਤੀਜੀ ਧਿਰ ਦੇ ਸਰੋਤ ਰਾਹੀਂ ਤੁਹਾਡੇ ਫ਼ੋਨ ਤੱਕ ਪਹੁੰਚਦਾ ਹੈ ਅਤੇ ਫਿਰ ਕਈ ਦਿਨਾਂ ਤੱਕ ਤੁਹਾਡੇ ਸੁਨੇਹਿਆਂ, ਤੁਹਾਡੇ ਵੱਲੋਂ ਵਿਜ਼ਿਟ ਕੀਤੀਆਂ ਸਾਈਟਾਂ ਅਤੇ ਬੈਂਕਿੰਗ ਐਪਸ ਦੀ ਲਗਾਤਾਰ ਨਿਗਰਾਨੀ ਕਰਦਾ ਹੈ। ਇਸ ਦੌਰਾਨ ਇਹ OTP, PIN ਆਦਿ ਨੂੰ ਰਿਕਾਰਡ ਕਰਦਾ ਹੈ। ਇਹ ਵਾਇਰਸ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰਦਾ ਹੈ। ਐਸਕੋਬਾਰ ਇਸ ਸਮੇਂ ਦੁਨੀਆ ਦੇ 18 ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ।

ਇਹ ਮਾਲਵੇਅਰ ਯੂਜ਼ਰਸ ਤੋਂ 25 ਤਰ੍ਹਾਂ ਦੀਆਂ ਪਰਮਿਸ਼ਨ ਲੈਂਦਾ ਹੈ, ਜਿਸ 'ਚ ਆਡੀਓ ਰਿਕਾਰਡਿੰਗ, ਮੈਸੇਜ, ਸਟੋਰੇਜ, ਕੀਲਾਕ, ਕਾਲਿੰਗ ਤੇ ਲੋਕੇਸ਼ਨ ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ। ਜਾਣਕਾਰੀ ਲੈਣ ਤੋਂ ਬਾਅਦ ਇਹ ਮਾਲਵੇਅਰ ਇਸ ਨੂੰ ਹੈਕਰਾਂ ਦੇ ਸਰਵਰ 'ਤੇ ਸਟੋਰ ਕਰ ਲੈਂਦਾ ਹੈ। ਇਸ ਤੋਂ ਬਾਅਦ ਹੈਕਰ ਤੁਹਾਡੇ ਅਕਾਊਂਟ ਵਿੱਚ ਸੇਂਧਮਾਰੀ ਕਰ ਦਿੰਦੇ ਹਨ। ਇਹ ਮਾਲਵੇਅਰ ਸਿਮ ਸਵੈਪਿੰਗ ਵੀ ਕਰ ਸਕਦਾ ਹੈ।