ਨਵੀਂ ਦਿੱਲੀ: ਜੇ ਤੁਸੀਂ ਵੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ, ਦੁਨੀਆ ਭਰ 'ਚ ਸਭ ਤੋਂ ਵੱਧ ਵਰਤੀ ਜਾਂਦੀ ਮੈਸੇਜਿੰਗ ਐਪ ਹੁਣ ਸਕੈਮਰਜ਼ ਤੇ ਹੈਕਰਾਂ ਦਾ ਨਵਾਂ ਨਿਸ਼ਾਨਾ ਬਣ ਗਈ ਹੈ। ਇਹ ਨਵਾਂ ਵਟਸਐਪ ਘੁਟਾਲਾ ਇੱਕ OTP ਸਕੈਮ ਨਾਲ ਜੁੜਿਆ ਹੋਇਆ ਹੈ।


 


WhatsApp ਨਾਲ ਜੁੜਿਆ ਅਜਿਹਾ ਮਾਮਲਾ ਪਿਛਲੇ ਸਾਲ ਵੀ ਵੇਖਣ ਨੂੰ ਮਿਲਿਆ ਸੀ ਤੇ ਹੁਣ ਇਹ ਫਿਰ ਸਾਹਮਣੇ ਆਇਆ ਹੈ। ਆਓ ਅਸੀਂ ਤੁਹਾਨੂੰ ਇਸ ਨਵੇਂ ਸਕੈਮ ਬਾਰੇ ਦੱਸਦੇ ਹਾਂ ਤੇ ਜਾਣਦੇ ਹਾਂ ਕਿ ਤੁਸੀਂ ਇਸ ਧੋਖਾਧੜੀ ਤੋਂ ਕਿਵੇਂ ਬਚ ਸਕਦੇ ਹੋ...


 


ਨਵੇਂ ਸਕੈਮ 'ਚ OTP ਰਾਹੀਂ ਤੁਹਾਡੇ Whatsapp ਅਕਾਊਂਟ ਨੂੰ ਹੈਕ ਕੀਤਾ ਜਾ ਸਕਦਾ ਹੈ। ਹੈਕ ਕਰਨ ਲਈ ਹੈਕਰ ਤੁਹਾਨੂੰ ਕਿਸੇ Unknown ਨੰਬਰ ਤੋਂ ਜਾਂ ਕਿਸੇ ਦੋਸਤ ਦੇ ਨੰਬਰ ਤੋਂ ਵਟਸਐਪ 'ਤੇ ਸੁਨੇਹਾ ਭੇਜੇਗਾ। ਫਿਰ ਹੈਕਰ ਤੁਹਾਨੂੰ ਦੱਸੇਗਾ ਕਿ ਕੁਝ ਐਮਰਜੈਂਸੀ ਹੈ। ਉਸ ਦਾ Whatsapp ਅਕਾਊਂਟ ਲੌਕ ਹੋ ਗਿਆ ਹੈ ਤੇ ਉਸ ਦੇ ਮੋਬਾਈਲ ਨੰਬਰ 'ਤੇ OTP ਨਹੀਂ ਆ ਰਿਹਾ ਹੈ।


 


ਅਜਿਹੀ ਸਥਿਤੀ 'ਚ ਤੁਹਾਨੂੰ ਲੱਗੇਗਾ ਕਿ ਤੁਹਾਡਾ ਦੋਸਤ ਜਾਂ ਰਿਸ਼ਤੇਦਾਰ ਮੁਸੀਬਤ 'ਚ ਹੈ ਤੇ ਤੁਸੀਂ ਉਸ ਦੀ ਮਦਦ ਕਰੋ। ਹੁਣ ਤੁਹਾਡੇ ਨੰਬਰ 'ਤੇ ਇੱਕ OTP ਆਵੇਗਾ, ਜਿਸ ਨੂੰ ਹੈਕਰ ਤੁਹਾਨੂੰ ਉਨ੍ਹਾਂ ਨਾਲ ਸਾਂਝਾ ਕਰਨ ਲਈ ਕਹੇਗਾ। ਜਿਵੇਂ ਹੀ ਤੁਸੀਂ OTP ਸਾਂਝਾ ਕਰਦੇ ਹੋ ਤੁਹਾਡਾ WhatsApp ਅਕਾਊਂਟ ਤੁਹਾਡੀ ਡਿਵਾਈਸ ਤੋਂ ਲੌਗ ਆਉਟ ਹੋ ਜਾਵੇਗਾ। ਨਾਲ ਹੀ ਐਪ 'ਤੇ ਮੈਸੇਜ ਇਹ ਆਵੇਗਾ ਕਿ ਤੁਸੀਂ ਆਪਣੇ ਡਿਵਾਈਸ 'ਤੇ ਖਾਤੇ ਤੋਂ ਲੌਗ ਆਉਟ ਹੋ ਗਏ ਹੋ ਤੇ ਇਕ ਹੋਰ ਡਿਵਾਈਸ 'ਤੇ ਤੁਹਾਡੇ ਨੰਬਰ ਨਾਲ ਵਟਸਐਪ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ।


 


ਹੈਕਰ ਕਿਸੇ ਹੋਰ ਡਿਵਾਈਸ 'ਚ ਵਟਸਐਪ 'ਤੇ ਤੁਹਾਡਾ ਫ਼ੋਨ ਨੰਬਰ ਐਂਟਰ ਕਰਦਾ ਹੈ ਤੇ ਇਸ ਕਾਰਨ ਤੁਹਾਨੂੰ ਓਟੀਪੀ ਮਿਲਦਾ ਹੈ। ਜੇ ਤੁਸੀਂ ਝਾਂਸੇ 'ਚ ਆ ਗਏ ਤੇ ਓਟੀਪੀ ਸ਼ੇਅਰ ਕਰ ਦਿੱਤਾ ਤਾਂ ਤੁਸੀਂ ਆਪਣੇ WhatsApp ਅਕਾਊਂਟ ਨੂੰ ਗੁਆ ਦੇਵੋਗੇ। ਓਟੀਪੀ ਨੂੰ ਸ਼ੇਅਰ ਕਰਨ ਤੋਂ ਬਾਅਦ ਹੈਕਰ ਤੁਹਾਡੇ WhatsApp ਅਕਾਊਂਟ ਨੂੰ ਗਲਤ ਕੰਮਾਂ ਲਈ ਇਸਤੇਮਾਲ ਕਰ ਸਕਦੇ ਹਨ ਤੇ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ।


 


ਜੇ ਤੁਸੀਂ ਹੈਕਰ ਦੇ ਝਾਂਸੇ 'ਚ ਆ ਗਏ ਤੇ ਉਸ ਨੂੰ ਤੁਹਾਡੇ ਵਟਸਐਪ ਅਕਾਊਂਟ ਦਾ ਐਕਸੈਸ ਮਿਲ ਗਿਆ ਤਾਂ ਤੁਹਾਨੂੰ ਆਪਣਾ ਵਟਸਐਪ ਤੁਰੰਤ ਰੀਸੈਟ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਦੁਬਾਰਾ ਵਟਸਐਪ 'ਤੇ ਲੌਗ-ਇਨ ਕਰਨਾ ਹੋਵੇਗਾ, ਜਿਵੇਂ ਪਹਿਲੀ ਵਾਰ ਅਕਾਊਂਟ ਬਣਾਉਣ ਸਮੇਂ ਲੌਗ-ਇਨ ਕੀਤਾ ਹੋਵੇਗਾ। ਇਸ ਨਾਲ ਤੁਹਾਡੇ ਨੰਬਰ 'ਤੇ ਦੁਬਾਰਾ ਓਟੀਪੀ ਆਵੇਗਾ ਤੇ ਤੁਸੀਂ ਆਪਣੀ ਡਿਵਾਈਸ 'ਤੇ ਵਟਸਐਪ ਦਾ ਐਕਸੈਸ ਪ੍ਰਾਪਤ ਕਰ ਲਓਗੇ। ਉੱਥੇ ਹੀ ਹੈਕਰ ਦੇ ਡਿਵਾਈਸ 'ਚ ਤੁਹਾਡਾ WhatsApp ਅਕਾਊਂਟ ਲੌਗ ਆਉਟ ਹੋ ਜਾਵੇਗਾ।