ਸਰਕਾਰੀ ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਿਟੇਡ (BSNL) ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਆਫਰ ਲੈ ਕੇ ਆ ਰਹੀ ਹੈ। ਹੁਣ ਕੰਪਨੀ ਆਪਣੇ ਗਾਹਕਾਂ ਨੂੰ OTT ਪਲੇਟਫਾਰਮ ਅਤੇ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਵਰਗੇ ਟੀਵੀ ਚੈਨਲਾਂ ਨੂੰ ਮੁਫਤ ਦੇਖਣ ਦਾ ਲਾਭ ਦੇਣ ਜਾ ਰਹੀ ਹੈ। ਇਹ ਲਾਭ ਕੰਪਨੀ ਦੇ ਫਾਈਬਰ ਬੇਸਡ ਬ੍ਰਾਡਬੈਂਡ ਕਨੈਕਸ਼ਨ ਲੈਣ ਵਾਲੇ ਗਾਹਕਾਂ ਨੂੰ ਮਿਲੇਗਾ। ਇਸ ਤਹਿਤ ਉਨ੍ਹਾਂ ਨੂੰ ਬਿਨਾਂ ਕਿਸੇ ਕੀਮਤ ਦੇ ਕੁਨੈਕਸ਼ਨ ਦੇ ਨਾਲ-ਨਾਲ ਇੰਟਰਾਨੈੱਟ ਟੀਵੀ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਹ ਸਰਵਿਸ ਬਿਹਾਰ 'ਚ ਜਲਦ ਸ਼ੁਰੂ ਹੋਣ ਜਾ ਰਹੀ ਹੈ।



ਇਨ੍ਹਾਂ ਗਾਹਕਾਂ ਨੂੰ ਮਿਲੇਗਾ ਲਾਭ 


ਮੀਡੀਆ ਰਿਪੋਰਟਾਂ ਮੁਤਾਬਕ BSNL ਦੇ ਫਾਈਬਰ ਟੂ ਦਿ ਹੋਮ (FTTH) ਨੈੱਟਵਰਕ ਦੀ ਵਰਤੋਂ ਕਰਨ ਵਾਲੇ ਗਾਹਕ ਇਸ ਸਰਵਿਸ ਦਾ ਲਾਭ ਲੈ ਸਕਣਗੇ। ਉਨ੍ਹਾਂ ਨੂੰ ਮੁਫਤ ਇੰਟਰਾਨੈੱਟ ਫਾਈਬਰ ਲਾਈਵ ਟੀਵੀ ਦੀ ਸਹੂਲਤ ਮਿਲੇਗੀ। ਇਸ 'ਚ ਕੰਪਨੀ OTT ਪਲੇਟਫਾਰਮ ਅਤੇ ਟੀਵੀ ਚੈਨਲ ਦੇਖਣ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਇਹ ਸਰਵਿਸ ਸਭ ਤੋਂ ਪਹਿਲਾਂ ਗਯਾ, ਮੁਜ਼ੱਫਰਪੁਰ, ਭਾਗਲਪੁਰ, ਪਟਨਾ ਅਤੇ ਦਰਭੰਗਾ ਵਿੱਚ ਸ਼ੁਰੂ ਹੋਵੇਗੀ। ਹੌਲੀ-ਹੌਲੀ ਇਸ ਨੂੰ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।



OTT ਪਲੇਟਫਾਰਮ 'ਤੇ ਮੁਫ਼ਤ ਵਿੱਚ ਦੇਖ ਸਕੋਗੇ


BSNL ਦੀ ਇਸ ਸਰਵਿਸ ਵਿੱਚ ਗਾਹਕ ਬਿਨਾਂ ਕਿਸੇ ਵਾਧੂ ਪੈਸੇ ਦੇ OTT ਅਤੇ TV ਚੈਨਲ ਦੇਖ ਸਕਣਗੇ। ਇਸ ਵਿੱਚ Netflix ਅਤੇ Disney Hotstar ਆਦਿ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ਪਲਾਨ 'ਚ ਉਨ੍ਹਾਂ ਨੂੰ ਗੇਮਿੰਗ ਚੈਨਲ ਵੀ ਮਿਲਣਗੇ। ਇਹ ਸਹੂਲਤ ਸਿਰਫ਼ ਸਮਾਰਟ ਟੀਵੀ 'ਤੇ ਹੀ ਲਈ ਜਾ ਸਕਦੀ ਹੈ। ਇਸ 'ਚ ਯੂਜ਼ਰ ਨੂੰ ਡਾਟਾ ਦੀ ਚਿੰਤਾ ਨਹੀਂ ਕਰਨੀ ਪਵੇਗੀ।


ਇਨ੍ਹਾਂ ਸੂਬਿਆਂ 'ਚ ਵੀ ਚੱਲ ਰਿਹਾ ਆਫਰ


ਬੀਐਸਐਨਐਲ ਦਾ ਇਹ ਆਫਰ ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਪੰਜਾਬ ਵਰਗੇ ਰਾਜਾਂ ਦੇ ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ। ਇਸ ਆਫਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਫਾਇਦੇ ਹਰ FTTH ਪਲਾਨ 'ਤੇ ਉਪਲਬਧ ਹਨ। BSNL ਇਸ ਸਮੇਂ ਇਸ ਸਰਵਿਸ ਦਾ ਟ੍ਰਾਇਲ ਕਰ ਰਿਹਾ ਹੈ ਅਤੇ ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਰਵਿਸ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਗਾਹਕਾਂ ਨੂੰ ਬਿਨਾਂ ਕਿਸੇ ਦੇਰੀ ਜਾਂ ਬਫਰਿੰਗ ਤੋਂ ਲਾਈਵ ਸਟ੍ਰੀਮਿੰਗ ਮਿਲ ਰਹੀ ਹੈ। ਇਹ ਪੂਰੀ ਤਰ੍ਹਾਂ BSNL ਨੈੱਟਵਰਕ 'ਤੇ ਕੰਮ ਕਰਦਾ ਹੈ।