ਇਸ ਯੋਜਨਾ ਵਿੱਚ ਸ਼ਾਮਲ ਲੋਕਾਂ ਲਈ ਇੱਕ ਕਾਰਡ ਬਣਾਇਆ ਜਾਂਦਾ ਹੈ, ਜਿਸ ਨੂੰ ਆਯੁਸ਼ਮਾਨ ਕਾਰਡ (Ayushman Bharat Yojana) ਕਿਹਾ ਜਾਂਦਾ ਹੈ। ਇਸ ਕਾਰਡ ਦੀ ਮਦਦ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ। ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਹਸਪਤਾਲ ਆਯੁਸ਼ਮਾਨ ਸਕੀਮ ਤਹਿਤ ਰਜਿਸਟਰਡ ਹਨ। ਆਯੁਸ਼ਮਾਨ ਕਾਰਡ ਧਾਰਕ ਆਯੁਸ਼ਮਾਨ ਯੋਜਨਾ ਦੇ ਪੈਨਲ ਵਿੱਚ ਸ਼ਾਮਲ ਕਿਸੇ ਵੀ ਹਸਪਤਾਲ ਵਿੱਚ ਇਲਾਜ ਕਰਵਾ ਸਕਦਾ ਹੈ।


ਕਈ ਵਾਰ ਅਜਿਹਾ ਹੁੰਦਾ ਹੈ ਕਿ ਆਯੁਸ਼ਮਾਨ ਯੋਜਨਾ ਦੇ ਪੈਨਲ ਵਿੱਚ ਸ਼ਾਮਲ ਹਸਪਤਾਲ ਆਯੁਸ਼ਮਾਨ ਕਾਰਡ ਧਾਰਕ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਅਜਿਹੇ 'ਚ ਆਯੁਸ਼ਮਾਨ ਕਾਰਡ ਧਾਰਕ ਨੂੰ ਇਲਾਜ ਲਈ ਆਪਣੀ ਜੇਬ ਤੋਂ ਭੁਗਤਾਨ ਕਰਨਾ ਪੈਂਦਾ ਹੈ। ਪਰ, ਪੈਨਲ ਵਿੱਚ ਸ਼ਾਮਲ ਹਸਪਤਾਲ ਆਯੂਸ਼ਮਾਨ ਕਾਰਡ ਰਾਹੀਂ ਇਸ ਸਕੀਮ ਵਿੱਚ ਸ਼ਾਮਲ ਬਿਮਾਰੀਆਂ ਦਾ ਇਲਾਜ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਹੈ। ਲੋਕਾਂ ਵਿੱਚ ਜਾਣਕਾਰੀ ਦੀ ਘਾਟ ਕਾਰਨ ਕੁਝ ਹਸਪਤਾਲ ਇਲਾਜ ਕਰਨ ਤੋਂ ਝਿਜਕ ਰਹੇ ਹਨ। ਇੱਥੋਂ ਤੱਕ ਕਿ ਮਰੀਜ਼ ਵੀ ਜਾਣਕਾਰੀ ਦੀ ਘਾਟ ਕਾਰਨ ਇਸ ਬਾਰੇ ਸ਼ਿਕਾਇਤ ਨਹੀਂ ਕਰਦਾ।


ਇੱਥੇ ਕਰੋ ਸ਼ਿਕਾਇਤ
ਆਯੁਸ਼ਮਾਨ ਯੋਜਨਾ ਦੇ ਪੈਨਲ ਵਿੱਚ ਸ਼ਾਮਲ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ। ਜੇਕਰ ਹਸਪਤਾਲ ਮੁਫ਼ਤ ਇਲਾਜ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਫੇਰ ਹੱਥ ਉਤੇ ਹੱਥ ਧਰ ਕੇ ਨਾ ਬੈਠੋ। ਤੁਸੀਂ ਟੋਲ ਫਰੀ ਨੰਬਰ ਅਤੇ ਪੋਰਟਲ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। 14555 ਆਯੁਸ਼ਮਾਨ ਭਾਰਤ ਯੋਜਨਾ ਦਾ ਇੱਕ ਰਾਸ਼ਟਰੀ ਪੱਧਰ ਦਾ ਟੋਲ ਫਰੀ ਨੰਬਰ ਹੈ। ਦੇਸ਼ ਦੇ ਕਿਸੇ ਵੀ ਸੂਬੇ 'ਚ ਰਹਿਣ ਵਾਲਾ ਨਾਗਰਿਕ ਇਸ 'ਤੇ ਸ਼ਿਕਾਇਤ ਕਰ ਸਕਦਾ ਹੈ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਹਨ।


ਸੂਬਿਆਂ ਦੇ ਵੀ ਹਨ ਟੋਲ ਫ੍ਰੀ ਨੰਬਰ 
ਵੱਖ-ਵੱਖ ਰਾਜਾਂ ਲਈ ਵੀ ਟੋਲ ਫਰੀ ਨੰਬਰ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਰਹਿਣ ਵਾਲੇ ਲੋਕ 1800-11-4477 ਨੰਬਰ ਉਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਲੋਕ 180018004444 ਨੰਬਰ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਮੱਧ ਪ੍ਰਦੇਸ਼ ਦੇ ਵਸਨੀਕਾਂ ਲਈ ਟੋਲ ਫ੍ਰੀ ਨੰਬਰ 18002332085 ਹੈ। ਇਸੇ ਤਰ੍ਹਾਂ ਬਿਹਾਰ ਦੇ ਵਸਨੀਕ ਆਯੁਸ਼ਮਾਨ ਯੋਜਨਾ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ 104 'ਤੇ ਦਰਜ ਕਰਵਾ ਸਕਦੇ ਹਨ ਅਤੇ ਉੱਤਰਾਖੰਡ ਦੇ ਨਾਗਰਿਕ 155368 ਅਤੇ 18001805368 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।


Portal 'ਤੇ ਵੀ ਕਰ ਸਕਦੇ ਹੋ ਸ਼ਿਕਾਇਤ 
ਜੇਕਰ ਟੋਲ ਫ੍ਰੀ ਨੰਬਰ 'ਤੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਤੁਹਾਡੀ ਸ਼ਿਕਾਇਤ ਨਹੀਂ ਸੁਣੀ ਜਾ ਰਹੀ ਹੈ, ਤਾਂ ਤੁਸੀਂ https://cgrms.pmjay.gov.in/GRMS/loginnew.htm ਲਿੰਕ 'ਤੇ ਕਲਿੱਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਪੋਰਟਲ 'ਤੇ, ਆਪਣੀ ਸ਼ਿਕਾਇਤ ਦਰਜ ਕਰੋ ਦੇ ਵਿਕਲਪ 'ਤੇ ਕਲਿੱਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ।