ਕੇਂਦਰ ਸਰਕਾਰ ਨੇ ਐਪਲ ਨੂੰ ਨੋਟਿਸ ਭੇਜਿਆ ਹੈ। ਦਰਅਸਲ, iOS 18 ਅਪਡੇਟ ਤੋਂ ਬਾਅਦ ਬਹੁਤ ਸਾਰੇ ਉਪਭੋਗਤਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗਾਹਕਾਂ ਨੇ ਰਾਸ਼ਟਰੀ ਖਪਤਕਾਰ ਹੈਲਪਲਾਈਨ 'ਤੇ ਇਨ੍ਹਾਂ ਬਾਰੇ ਕਈ ਸ਼ਿਕਾਇਤਾਂ ਕੀਤੀਆਂ ਸਨ। ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਐਪਲ ਉਪਭੋਗਤਾ ਕਾਲ ਡ੍ਰੌਪ ਤੇ ਜਲਦੀ ਬੈਟਰੀ ਡਿਸਚਾਰਜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆਵਾਂ iOS 18 ਨੂੰ ਅਪਡੇਟ ਕਰਨ ਤੋਂ ਬਾਅਦ ਆ ਰਹੀਆਂ ਹਨ।

Continues below advertisement


ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਐਪਲ ਨੂੰ ਨੋਟਿਸ ਭੇਜਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖਪਤਕਾਰ ਹੈਲਪਲਾਈਨ ਨੂੰ iOS 18+ ਸਾਫਟਵੇਅਰ ਅਪਡੇਟ ਤੋਂ ਬਾਅਦ ਆਈਫੋਨ ਵਿੱਚ ਪ੍ਰਦਰਸ਼ਨ ਸਮੱਸਿਆਵਾਂ ਸੰਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਨ ਤੋਂ ਬਾਅਦ, ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਰਾਹੀਂ ਐਪਲ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਹੈ।



ਇਹ ਐਪਲ ਨੂੰ ਨੋਟਿਸ ਦੇਣ ਦਾ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ ਐਪਲ ਨੂੰ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ 'ਤੇ ਚੇਤਾਵਨੀ ਦਿੱਤੀ ਸੀ ਫਿਰ ਉਪਭੋਗਤਾਵਾਂ ਨੇ ਆਈਫੋਨ ਵਿੱਚ ਦੋ ਖਾਮੀਆਂ ਵੱਲ ਧਿਆਨ ਖਿੱਚਿਆ ਤੇ ਕਿਹਾ ਕਿ ਇਨ੍ਹਾਂ ਕਾਰਨ ਡਾਟਾ ਚੋਰੀ ਹੋਣ ਡਿਵਾਈਸ ਹੈਕਰਾਂ ਦੇ ਹੱਥਾਂ ਵਿੱਚ ਜਾਣ ਤੇ ਅਣਅਧਿਕਾਰਤ ਪਹੁੰਚ ਦਾ ਖ਼ਤਰਾ ਹੈ। ਹੁਣ ਇੱਕ ਵਾਰ ਫਿਰ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕੰਪਨੀ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ।


ਲੋਕਲਸਰਕਲਜ਼ ਨੇ ਦਸੰਬਰ ਵਿੱਚ ਇੱਕ ਸਰਵੇਖਣ ਕੀਤਾ ਸੀ। ਇਸ ਵਿੱਚ, 10 ਵਿੱਚੋਂ 6 ਆਈਫੋਨ ਉਪਭੋਗਤਾਵਾਂ ਨੇ ਕਾਲ ਡਰਾਪ ਅਤੇ ਨੈੱਟਵਰਕ ਸੰਬੰਧੀ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। ਇਨ੍ਹਾਂ ਕਾਰਨਾਂ ਕਰਕੇ, ਆਈਫੋਨ ਦੀ ਬੈਟਰੀ ਵੀ ਜਲਦੀ ਡਿਸਚਾਰਜ ਹੋ ਰਹੀ ਹੈ। ਜ਼ਿਆਦਾਤਰ ਉਪਭੋਗਤਾਵਾਂ ਨੇ ਰਿਪੋਰਟ ਕੀਤੀ ਹੈ ਕਿ iOS 18 ਅਪਡੇਟ ਤੋਂ ਬਾਅਦ ਉਨ੍ਹਾਂ ਨਾਲ ਅਜਿਹਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ iOS 18 ਨੂੰ 18.1 ਅਤੇ 18.2 ਵਿੱਚ ਅਪਗ੍ਰੇਡ ਕਰਨ ਤੋਂ ਬਾਅਦ ਵੀ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਹੈ। ਇਸ ਸਰਵੇਖਣ ਵਿੱਚ 45,000 ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਆਈਫੋਨ ਉਪਭੋਗਤਾਵਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।