Mobile charger may be dangerous: ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਮੋਬਾਈਲ ਹੁਣ ਸਿਰਫ਼ ਕਾਲ ਕਰਨ ਲਈ ਹੀ ਉਪਯੋਗੀ ਨਹੀਂ ਰਿਹਾ, ਸਗੋਂ ਇਹ ਸਾਡੇ ਲਈ ਮਨੋਰੰਜਨ ਦਾ ਵੀ ਵੱਡਾ ਸਾਧਨ ਬਣ ਗਿਆ ਹੈ। ਇਸ ਤੋਂ ਇਲਾਵਾ ਕਈ ਕੰਮ ਮੋਬਾਈਲ ਤੋਂ ਬਿਨਾਂ ਨਹੀਂ ਹੋ ਸਕਦੇ। ਦਫਤਰ ਤੇ ਕਾਰੋਬਾਰ ਦਾ ਕੰਮ ਵੀ ਮੋਬਾਈਲ ਬਗੈਰ ਸੰਭਵ ਨਹੀਂ।
ਇਸ ਦੇ ਨਾਲ ਹੀ ਮੋਬਾਈਲ ਜਿੰਨਾ ਜ਼ਰੂਰੀ ਹੈ, ਇਸ ਨੂੰ ਚਾਰਜ ਕਰਨਾ ਵੀ ਓਨਾ ਹੀ ਅਹਿਮ ਹੈ। ਜਿੰਨਾ ਜ਼ਿਆਦਾ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਹਾਂ, ਬੈਟਰੀ ਘੱਟ ਹੋਣ 'ਤੇ ਇਸ ਨੂੰ ਚਾਰਜ ਕਰਨ ਦੀ ਵੀ ਲੋੜ ਪੈਂਦੀ ਹੈ। ਕਈ ਲੋਕਾਂ ਨੂੰ ਫੋਨ ਹਰ ਸਮੇਂ ਚਾਰਜ 'ਤੇ ਰੱਖਣ ਦੀ ਆਦਤ ਹੁੰਦੀ ਹੈ ਤੇ ਉਨ੍ਹਾਂ ਦਾ ਚਾਰਜਰ ਹਮੇਸ਼ਾ ਸਾਕਟ ਨਾਲ ਜੁੜਿਆ ਰਹਿੰਦਾ ਹੈ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਹਾਦਸਾ ਵੀ ਹੋ ਸਕਦਾ ਹੈ।
ਬੱਚੀ ਦੀ ਮੌਤ ਨੇ ਉਡਾਏ ਹੋਸ਼
ਹਾਲ ਹੀ 'ਚ ਕਰਨਾਟਕ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕਾਰਵਾੜ ਤਾਲੁਕ ਵਿੱਚ 8 ਮਹੀਨੇ ਦੀ ਬੱਚੀ ਨੇ ਗਲਤੀ ਨਾਲ ਮੋਬਾਈਲ ਚਾਰਜਰ ਮੂੰਹ ਵਿੱਚ ਫਸ ਜਾਣ ਕਾਰਨ ਆਪਣੀ ਜਾਨ ਗੁਆ ਲਈ। ਦਰਅਸਲ ਪਰਿਵਾਰ ਦੇ ਕਿਸੇ ਵਿਅਕਤੀ ਨੇ ਉਸ ਦਾ ਮੋਬਾਈਲ ਫ਼ੋਨ ਚਾਰਜ 'ਤੇ ਲਾਇਆ ਸੀ। ਮੋਬਾਈਲ ਚਾਰਜ ਹੋਣ ਤੋਂ ਬਾਅਦ ਚਾਰਜਰ ਨੂੰ ਸਾਕਟ ਵਿੱਚ ਹੀ ਲੱਗਾ ਰਹਿਣ ਦਿੱਤਾ ਤੇ ਗਲਤੀ ਨਾਲ ਸਵਿੱਚ ਵੀ ਔਨ ਰਹਿ ਗਿਆ। ਜਿਵੇਂ ਹੀ ਲੜਕੀ ਨੇ ਚਾਰਜਰ ਦੀ ਤਾਰ ਆਪਣੇ ਮੂੰਹ ਵਿੱਚ ਪਾਈ ਤਾਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਚਾਰਜਰ ਨੂੰ ਬੋਰਡ 'ਤੇ ਹੀ ਛੱਡਣਾ ਗਲਤ
ਜ਼ਿਆਦਾਤਰ ਲੋਕ ਫ਼ੋਨ ਚਾਰਜ ਕਰਨ ਤੋਂ ਬਾਅਦ ਮੋਬਾਈਲ ਤਾਂ ਕੱਢ ਲੈਂਦੇ ਹਨ ਪਰ ਚਾਰਜਰ ਨੂੰ ਬੋਰਡ 'ਤੇ ਲੱਗਾ ਹੀ ਛੱਡ ਦਿੰਦੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ। ਇਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਤੇ ਕਿਸੇ ਨੂੰ ਕਰੰਟ ਵੀ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਵੀ ਤੁਸੀਂ ਆਪਣੇ ਮੋਬਾਈਲ ਨੂੰ ਚਾਰਜਿੰਗ ਤੋਂ ਹਟਾਓ, ਚਾਰਜਰ ਨੂੰ ਬੋਰਡ ਤੋਂ ਬਾਹਰ ਕੱਢੋ ਤੇ ਇਸ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖੋ ਤੇ ਬੋਰਡ ਨੂੰ ਸਵਿੱਚ ਆਫ ਕਰਨਾ ਨਾ ਭੁੱਲੋ।
ਕੀ ਸਾਕਟ ਵਿੱਚ ਚਾਰਜਰ ਬਿਜਲੀ ਦੀ ਖਪਤ ਕਰਦਾ?
ਬਹੁਤ ਘੱਟ ਲੋਕ ਹੋਣਗੇ ਜੋ ਫੋਨ ਚਾਰਜ ਹੋਣ ਮਗਰੋਂ ਚਾਰਜਰ ਨੂੰ ਬੋਰਡ ਤੋਂ ਹਟਾ ਲੈਂਦੇ ਹੋਣਗੇ। ਬਹੁਤੇ ਲੋਕ ਇਸ ਨੂੰ ਸੌਕਟ ਵਿੱਚ ਲੱਗਾ ਹੀ ਛੱਡ ਦਿੰਦੇ ਹਨ। ਐਨਰਜੀ ਸੇਵਿੰਗ ਟਰੱਸਟ ਅਨੁਸਾਰ, ਕੋਈ ਵੀ ਸਵਿੱਚ ਆਨ ਚਾਰਜਰ ਬਿਜਲੀ ਦੀ ਵਰਤੋਂ ਕਰਨਾ ਜਾਰੀ ਰੱਖਦਾ ਹੈ। ਚਾਹੇ ਤੁਹਾਡੀ ਡਿਵਾਈਸ ਇਸ ਨਾਲ ਕਨੈਕਟ ਹੋਵੇ ਜਾਂ ਨਾ ਹੋਵੇ। ਅਹਿਮ ਗੱਲ ਇਹ ਹੈ ਕਿ ਇਸ ਨਾਲ ਨਾ ਸਿਰਫ ਬਿਜਲੀ ਦੀਆਂ ਕੁਝ ਯੂਨਿਟਾਂ ਦੀ ਖਪਤ ਹੁੰਦੀ ਹੈ, ਸਗੋਂ ਇਹ ਹੌਲੀ-ਹੌਲੀ ਚਾਰਜਰ ਦੀ ਉਮਰ ਵੀ ਘਟਾਉਂਦਾ ਹੈ।