New Rules For SIM: ਕੀ 20 ਜਨਵਰੀ ਤੋਂ ਬਾਅਦ ਤੁਹਾਡੇ ਸਿਮ ਦੀ ਆਊਟਗੋਇੰਗ ਵੀ ਬੰਦ ਹੋ ਗਈ ਹੈ? ਜੇਕਰ ਹਾਂ, ਤਾਂ ਤੁਸੀਂ ਇਹ ਖਬਰ ਜ਼ਰੂਰ ਪੜ੍ਹੋ। ਦਰਅਸਲ, 7 ਦਸੰਬਰ 2021 ਨੂੰ ਦੂਰਸੰਚਾਰ ਵਿਭਾਗ (DoT) ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਸੀ ਕਿ ਜੇਕਰ ਕਿਸੇ ਕੋਲ 9 ਤੋਂ ਜ਼ਿਆਦਾ ਸਿਮ ਹਨ ਤਾਂ ਉਸ ਨੂੰ ਰੀ-ਵੈਰੀਫਿਕੇਸ਼ਨ ਕਰਵਾਉਣੀ ਪਵੇਗੀ।

ਇਸ ਕੰਮ ਲਈ 45 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਅਨੁਸਾਰ 45 ਦਿਨਾਂ ਦੀ ਸਮਾਂ ਸੀਮਾ 20 ਜਨਵਰੀ 2022 ਨੂੰ ਖ਼ਤਮ ਹੋ ਗਈ ਹੈ। ਅਜਿਹੇ 'ਚ ਉਨ੍ਹਾਂ ਲੋਕਾਂ ਦੀ ਸਿਮ ਆਊਟਗੋਇੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਾਂਅ 'ਤੇ 9 ਸਿਮ ਹਨ ਅਤੇ ਉਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਹੈ। ਆਓ ਪੂਰੇ ਮਾਮਲੇ ਨੂੰ ਵਿਸਥਾਰ ਨਾਲ ਸਮਝੀਏ -

ਜੇਕਰ ਜਲਦੀ ਤਸਦੀਕ ਨਾ ਕੀਤੀ ਗਈ ਤਾਂ ਇਨਕਮਿੰਗ ਵੀ ਹੋ ਜਾਵੇਗੀ ਬੰਦ

ਦੂਰਸੰਚਾਰ ਵਿਭਾਗ ਦੇ ਇਸ ਆਦੇਸ਼ ਦੇ ਤਹਿਤ ਮੌਜੂਦਾ ਸਮੇਂ 'ਚ ਬਿਨਾਂ ਵੈਰੀਫਿਕੇਸ਼ਨ 9 ਤੋਂ ਵੱਧ ਸਿਮ ਚਲਾਉਣ ਵਾਲਿਆਂ ਦੇ ਸਿਮ ਦੀ ਆਊਟਗੋਇੰਗ 30 ਦਿਨਾਂ ਲਈ ਰੋਕ ਦਿੱਤੀ ਗਈ ਹੈ। ਜੇਕਰ ਅਜਿਹੇ ਲੋਕਾਂ ਦੀ ਜਲਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਤਾਂ 45 ਦਿਨਾਂ 'ਚ ਇਨਕਮਿੰਗ ਕਾਲ ਵੀ ਬੰਦ ਹੋ ਜਾਵੇਗੀ, ਜਦਕਿ 60 ਦਿਨਾਂ 'ਚ ਪੂਰਾ ਸਿਮ ਬੰਦ ਹੋ ਜਾਵੇਗਾ।

ਇਸ ਦੇ ਨਾਲ ਹੀ ਇਸ ਨਿਯਮ 'ਚ ਕੌਮਾਂਤਰੀ ਰੋਮਿੰਗ, ਬਿਮਾਰ ਤੇ ਅਪਾਹਜਾਂ ਨੂੰ 30 ਦਿਨਾਂ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਦੂਜੇ ਪਾਸੇ ਜੇਕਰ ਕਿਸੇ ਵੀ ਨੰਬਰ ਨੂੰ ਲੈ ਕੇ ਲਾਅ ਇਨਫ਼ੋਰਸਮੈਂਟ, ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਤੋਂ ਧੋਖਾਧੜੀ ਦੀ ਸ਼ਿਕਾਇਤ ਮਿਲਦੀ ਹੈ ਤਾਂ ਅਜਿਹੇ ਨੰਬਰਾਂ ਦੀ ਆਊਟਗੋਇੰਗ 5 ਦਿਨਾਂ 'ਚ ਤੇ ਇਨਕਮਿੰਗ 10 ਦਿਨਾਂ 'ਚ ਬੰਦ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 15 ਦਿਨਾਂ ਬਾਅਦ ਪੂਰਾ ਸਿਮ ਬੰਦ ਹੋ ਜਾਵੇਗਾ।

ਇਸ ਤਰ੍ਹਾਂ ਕਰੋ ਚੈੱਕ
ਜੇਕਰ ਤੁਹਾਨੂੰ ਯਾਦ ਨਹੀਂ ਹੈ ਕਿ ਤੁਹਾਡੀ ਆਈਡੀ ਨਾਲ ਕਿੰਨੇ ਸਿਮ ਐਕਟੀਵੇਟ ਹਨ ਤਾਂ ਤੁਸੀਂ ਇਸ ਆਸਾਨ ਤਰੀਕੇ ਨਾਲ ਪਤਾ ਲਗਾ ਸਕਦੇ ਹੋ।

ਸਭ ਤੋਂ ਪਹਿਲਾਂ tafcop.dgtelecom.gov.in 'ਤੇ ਜਾਓ।

ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।

ਜਿਵੇਂ ਹੀ ਤੁਸੀਂ ਇੱਥੇ ਆਪਣਾ ਨੰਬਰ ਪਾਉਂਦੇ ਹੋ ਤਾਂ ਇੱਕ OTP ਆਵੇਗਾ। ਇਸ OTP ਨੂੰ ਦਰਜ ਕਰਕੇ ਲਾਗਇਨ ਕਰੋ।

ਹੁਣ ਤੁਹਾਨੂੰ ਤੁਹਾਡੇ ਸਾਹਮਣੇ ਤੁਹਾਡੀ ਆਈਡੀ ਤੋਂ ਚੱਲ ਰਹੇ ਸਾਰੇ ਨੰਬਰਾਂ ਦੀ ਜਾਣਕਾਰੀ ਮਿਲ ਜਾਵੇਗੀ।

ਜੇਕਰ ਤੁਸੀਂ ਸਾਰੇ ਨੰਬਰਾਂ ਦੀ ਵਰਤੋਂ ਕਰ ਰਹੇ ਹੋ ਤੇ ਉਨ੍ਹਾਂ ਦੀ ਗਿਣਤੀ 9 ਤੋਂ ਵੱਧ ਹੈ ਤਾਂ ਕੇਵਾਈਸੀ ਕਰਵਾਓ।

ਜੇਕਰ ਸੂਚੀ 'ਚ ਕੋਈ ਅਣਜਾਣ ਨੰਬਰ ਦਿਖਾਈ ਦੇ ਰਿਹਾ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਵਾ ਦਿਓ।