ਨਵੀਂ ਦਿੱਲੀ: ਐਲਨ ਮਸਕ (Elon Musk) ਨੇ ਭਾਰਤ ’ਚ ਮੁਕੇਸ਼ ਅੰਬਾਨੀ (Mukesh Ambani) ਦੇ ਕਾਰੋਬਾਰ ਨੂੰ ਚੁਣੌਤੀ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਮਸਕ ਦੀ ਅਗਵਾਈ ਹੇਠਲੀ ‘ਸਪੇਸਐਕਸ’ (SpaceX) ਦੀ ਸਟਾਰਲਿੰਕ ਇੰਟਰਨੈੱਟ ਸੇਵਾ ਲਈ ਭਾਰਤ ਦੇ ਕੁਝ ਖੇਤਰਾਂ ਸਮੇਤ ਦੁਨੀਆ ਭਰ ਦੇ ਕਈ ਸਥਾਨਾਂ ਲਈ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਖੇਤਰਾਂ ਲਈ ਪ੍ਰੀ-ਬੁਕਿੰਗ 99 ਡਾਲਰ ’ਚ ਕੀਤੀ ਜਾ ਸਕਦੀ ਹੈ। ਇਹ ਉਪਲਬਧਤਾ ਸੀਮਤ ਹੈ।
ਭਾਰਤ ਦੇ ਜਿਹੜੇ ਖੇਤਰਾਂ ਲਈ ਪ੍ਰੀ-ਬੁਕਿੰਗ ਉਪਲਬਧ ਹੈ; ਉਨ੍ਹਾਂ ਵਿੱਚ ਗੁਜਰਾਤ ਤੋਂ ਇੰਡੀਆ ਕਾਲੋਨੀ ਆਰਡੀ, ਬਾਪੂਨਗਰ ਤੇ ਅਹਿਮਦਾਬਾਦ ਸ਼ਾਮਲ ਹਨ। ਇਸ ਤੋਂ ਇਲਾਵਾ ਇੰਡੀਅਨ ਕੌਫ਼ੀ ਹਾਊਸ ਰੋਡ, ਇੰਦੌਰ, ਮੱਧ ਪ੍ਰਦੇਸ਼ ਲਈ ਵੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਮਸਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਟਾਰਲਿੰਕ ਉੱਪਗ੍ਰਹਿ ਆਧਾਰਤ ਇੰਟਰਨੈੱਟ ਦੀ ਰਫ਼ਤਾਰ ਇਸ ਵਰ੍ਹੇ ਦੁੱਗਣੀ ਹੋ ਕੇ 300 MBPS ਹੋ ਜਾਵੇਗੀ।
ਇਸ ਸੇਵਾ ਦਾ ਮੰਤਵ ਦੁਨੀਆ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਲੱਖਾਂ ਲੋਕਾਂ ਲਈ ਸਸਤਾ ਇੰਟਰਨੈੱਟ ਉਪਲਬਧ ਕਰਵਾਉਣਾ ਹੈ। ਇਸ ਕੰਪਨੀ ਦਾ ਮੁੱਖ ਮੁਕਾਬਲਾ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨਾਲ ਹੋਵੇਗਾ, ਜੋ ਹੁਣ 5 ਜੀ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਜੀਓ ਦਾ 4ਜੀ ਰੋਲਆਊਟ ਭਾਰਤ ਦੇ ਇੰਟਰਨੈੱਟ ਖੇਤਰ ਲਈ ਗੇਮ ਚੇਂਜਰ ਸਿੱਧ ਹੋਇਆ ਹੈ।
ਇੱਕ ਹੋਰ ਮਾਮਲੇ ’ਚ ਦੋਵੇਂ ਅਰਬਪਤੀਆਂ ਦੀ ਟੱਕਰ ਹੋਣ ਵਾਲੀ ਹੈ। ਦਰਅਸਲ, ਰਿਲਾਇੰਸ ਇੰਡਸਟ੍ਰੀਜ਼ ਦੀ ਇੱਕ ਹੋਰ ਸਹਾਇਕ ਕੰਪਨੀ ‘ਰਿਲਾਇੰਸ ਸਟ੍ਰੈਟਿਜਿਕ ਬਿਜ਼ਨੇਸ ਵੈਂਚਰਜ਼ ਲਿਮਿਟੇਡ’ ਨੇ ਸਕਾਈਟ੍ਰੌਨ ਇਨਕਾਪ. ਵਿੱਚ ਕਈ ਵਾਰੀ ’ਚ 54.46 ਫ਼ੀਸਦੀ ਹਿੱਸੇਦਾਰੀ ਖ਼ਰੀਦ ਲਈ ਹੈ। ਇਹ ਕੰਪਨੀ ਆਟੋਮੇਟਡ ਟੈਕਸੀ ਪੌਡ ਬਣਾਉਂਦੀ ਹੈ; ਜੋ ਭਵਿੱਖ ਵਿੱਚ ਟ੍ਰੈਫ਼ਿਕ ਲਈ ਇੱਕ ਬਿਹਤਰ ਵਿਕਲਪ ਸਿੱਧ ਹੋਵੇਗਾ। ਉੱਧਰ ਐਲਨ ਮਸਕ ਦੀ ਹਾਈਪਰਲੂਪ ਵੀ ਆਟੋਮੇਟਿਡ ਪੌਡ ਜਿਹਾ ਵਾਹਨ ਬਣਾਉਣ ਉੱਤੇ ਖੋਜ ਕਰ ਰਹੀ ਹੈ।