ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਕਹਿਰ ਵਿਚਕਾਰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੰਪਨੀ ਦੇ ਹਰੇਕ ਕਰਮਚਾਰੀ ਲਈ 1000 ਡਾਲਰ ਬੋਨਸ ਦੇਣ ਦਾ ਐਲਾਨ ਕੀਤਾ ਹੈ। ਦ ਇੰਫਰਮੈਸ਼ਨ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਮਾਰਕ ਜੁਕਰਬਰਗ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਇੱਕ ਈ-ਮੇਲ ਭੇਜਿਆ, ਜਿਸ ਵਿੱਚ ਉਨ੍ਹਾਂ ਨੇ 1000 ਡਾਲਰ ਯਾਨੀ ਤਕਰੀਬਨ 74 ਹਜ਼ਾਰ ਰੁਪਏ ਦਾ ਬੋਨਸ ਦੇਣ ਦੀ ਗੱਲ ਕਹੀ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਕੋਰੋਨਾਵਾਇਰਸ ਕਾਰਨ ਪੂਰੇ ਦੇਸ਼ ਵਿੱਚ ਮੰਦੀ ਦਾ ਪ੍ਰਭਾਅ ਹੈ।
ਦੱਸ ਦੇਈਏ ਕਿ ਫਿਲਹਾਲ ਫੇਸਬੁੱਕ ‘ਚ ਲਗਪਗ 45 ਹਜ਼ਾਰ ਕਰਮਚਾਰੀ ਪੂਰੇ ਸਮੇਂ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਕਰਮਚਾਰੀ ਕਾਨਟ੍ਰੈਕਟ 'ਤੇ ਕੰਮ ਕਰ ਰਹੇ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਾਨਟ੍ਰੈਕਟ ਮੁਲਾਜ਼ਮਾਂ ਨੂੰ ਬੋਨਸ ਦਿੱਤਾ ਜਾਵੇਗਾ ਜਾਂ ਨਹੀਂ। ਹਾਲਾਂਕਿ, ਫੇਸਬੁੱਕ ਇਕਲੌਤੀ ਕੰਪਨੀ ਨਹੀਂ ਹੈ ਜੋ ਆਪਣੇ ਕਰਮਚਾਰੀਆਂ ਨੂੰ ਬੋਨਸ ਦੇ ਰਹੀ ਹੈ। ਐਪਲ, ਗੂਗਲ, ਟਵਿੱਟਰ ਨੇ ਵੀ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਹੈ।
ਮੰਗਲਵਾਰ ਨੂੰ ਫੇਸਬੁੱਕ ਨੇ COVID-19 ਤੋਂ ਪ੍ਰਭਾਵਿਤ ਛੋਟੇ ਕਾਰੋਬਾਰਾਂ ਦੀ ਮਦਦ ਲਈ ਨਵਾਂ 100 ਮਿਲੀਅਨ ਡਾਲਰ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ 30 ਹਜ਼ਾਰ ਛੋਟੇ ਵਪਾਰੀਆਂ ਦੀ ਮਦਦ ਕਰੇਗਾ। ਇਹ ਵੀ ਦੱਸ ਦੇਈਏ ਕਿ ਕੋਰੋਨਾਵਾਇਰਸ ਕਾਰਨ ਫੇਸਬੁੱਕ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਕੰਪਨੀ ਦੇ ਸ਼ੇਅਰਾਂ ਵਿੱਚ 28% ਤੋਂ ਵੱਧ ਦੀ ਗਿਰਾਵਟ ਆਈ ਹੈ।