ਨਵੀਂ ਦਿੱਲੀ: ਸੋਸ਼ਲ ਮੀਡੀਆ ਵਿੱਚ ਸਭ ਤੋਂ ਪ੍ਰਸਿੱਧ ਫੇਸਬੁੱਕ ਆਪਣੇ ਟ੍ਰੈਂਡਿੰਗ ਨਿਊਜ਼ ਸੈਕਸ਼ਨ ਨੂੰ ਹਟਾ ਜਾ ਰਿਹਾ ਹੈ। ਕੰਪਨੀ ਦਾ ਮੰਨਣਾ ਹੈ ਕਿ ਇਹ ਹਿੱਸਾ ਹੁਣ ਆਪਣਾ ਵੇਲਾ ਵਿਹਾਅ ਚੁੱਕਾ ਹੈ, ਜਿਸ ਕਾਰਨ ਇਸ ਦੀ ਥਾਂ 'ਤੇ ਬ੍ਰੇਕਿੰਗ ਨਿਊਜ਼ ਨੂੰ ਲਿਆਂਦਾ ਜਾ ਸਕਦਾ ਹੈ।
ਕੰਪਨੀ ਨੇ ਟ੍ਰੈਂਡਿੰਗ ਨਿਊਜ਼ ਸੈਕਸ਼ਨ ਦੀ ਸ਼ੁਰੂਆਤ 2014 ਵਿੱਚ ਕੀਤੀ ਸੀ, ਜਿਸ ਤੋਂ ਬਾਅਦ ਫੇਸਬੁੱਕ ਨੇ ਮੰਨਿਆ ਕਿ ਇਸ ਦੇ ਬਦਲੇ ਉਹ ਬ੍ਰੇਕਿੰਗ ਨਿਊਜ਼ ਦੇ ਕਈ ਨਵੇਂ ਫੀਚਰ ਟੈਸਟ ਕਰ ਰਿਹਾ ਹੈ। ਫੇਸਬੁੱਕ ਦੇ ਨਿਊਜ਼ ਪ੍ਰੋਡਕਟ ਦੇ ਮੁਖੀ ਐਲੇਕਸ ਹਾਰਡੀਮਨ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੰਪਨੀ ਹਾਲੇ ਵੀ ਬ੍ਰੇਕਿੰਗ ਤੇ ਰੀਅਲ ਟਾਈਮ ਨਿਊਜ਼ ਪ੍ਰਤੀ ਵਚਨਬੱਧ ਹੈ।
ਹਾਰਡੀਮਨ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਨਿਊਜ਼ ਜਾਣਨ ਲਈ ਮੋਬਾਈਲ ਦੀ ਵਰਤੋਂ ਕਰਦੇ ਹਨ ਤੇ ਜਿਸ ਤਰ੍ਹਾਂ ਨਿਊਜ਼ ਵੀਡੀਓ ਦਾ ਪ੍ਰਫੁੱਲਿਤ ਹੋ ਰਿਹਾ ਹੈ, ਅਸੀਂ ਅਜਿਹੇ ਨਵੇਂ ਤਰੀਕਿਆਂ 'ਤੇ ਕੰਮ ਕਰ ਰਹੇ ਹਾਂ, ਜਿਸ ਨਾਲ ਲੋਕ ਬ੍ਰੇਕਿੰਗ ਨਿਊਜ਼ ਬਾਰੇ ਸੂਚਿਤ ਰਹਿਣ। ਉਨ੍ਹਾਂ ਦੱਸਿਆ ਕਿ ਬ੍ਰੇਕਿੰਗ ਨਿਊਜ਼ ਲਈ ਫੇਸਬੁੱਕ 80 ਪ੍ਰਕਾਸ਼ਕਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਸ ਵਿੱਚ ਭਾਰਤ, ਆਸਟ੍ਰੇਲੀਆ ਤੇ ਯੂਰਪ ਵਰਗੇ ਦੇਸ਼ ਸ਼ਾਮਲ ਹਨ।