ਅੱਜ ਦੇ ਸਮੇਂ ਵਿੱਚ ਸਮਾਰਟਫੋਨ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਵੱਡਿਆਂ ਤੋਂ ਲੈ ਕੇ ਬਜ਼ੁਰਗ ਇਸ ਦੀ ਵਰਤੋਂ ਕਰਦੇ ਹਨ। ਹੁਣ ਤਾਂ ਹਾਲਾਤ ਇਹ ਹਨ ਕਿ ਬੱਚਿਆਂ ਕੋਲ ਵੀ ਆਪਣੇ ਸਮਾਰਟਫੋਨ ਹਨ। ਤੁਸੀਂ ਵੀ ਬੱਚਿਆਂ ਨੂੰ ਰੋਣ ਜਾਂ ਫਿਰ ਉਨ੍ਹਾਂ ਵੱਲੋਂ ਤੰਗ-ਪ੍ਰੇਸ਼ਨ ਕਰਨ ਤੋਂ ਬਚਣ ਦੇ ਲਈ ਝੱਟ ਬੱਚੇ ਦੇ ਹੱਥ ਵਿੱਚ ਫੋਨ ਦੇ ਦਿੰਦੇ ਹੋ,  ਜੋ ਕਿ ਸਮੇਂ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਰਿਹਾ ਹੈ। ਜੋ ਕਿ ਅੱਗੇ ਚੱਲ ਕੇ ਬੱਚੇ ਦੀ ਲਾਈਫ ਕਾਫੀ ਘਾਤਕ ਹੋ ਸਕਦਾ ਹੈ। ਇੱਕ ਨਵੀਂ ਅੰਤਰਰਾਸ਼ਟਰੀ ਅਧਿਐਨ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ 13 ਸਾਲ ਦੀ ਉਮਰ ਤੋਂ ਪਹਿਲਾਂ ਹੀ ਸਮਾਰਟਫੋਨ ਮਿਲ ਜਾਂਦਾ ਹੈ, ਉਹਨਾਂ ਵਿੱਚ ਮਾਨਸਿਕ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਕਾਫ਼ੀ ਵੱਧ ਦੇਖੀਆਂ ਗਈਆਂ ਹਨ। ਇਹ ਨਤੀਜੇ 1 ਲੱਖ ਤੋਂ ਵੱਧ ਭਾਗੀਦਾਰਾਂ ‘ਤੇ ਕੀਤੀ ਗਈ ਰਿਸਰਚ ਦੇ ਆਧਾਰ ‘ਤੇ ਪ੍ਰਕਾਸ਼ਿਤ ਕੀਤੇ ਗਏ ਹਨ।

ਸ਼ੁਰੂਆਤੀ ਸਮਾਰਟਫੋਨ ਵਰਤੋਂ ਨਾਲ ਵੱਧ ਰਹੇ ਗੰਭੀਰ ਖ਼ਤਰੇ

ਰਿਪੋਰਟ ਅਨੁਸਾਰ, 18 ਤੋਂ 24 ਸਾਲ ਉਮਰ ਦੇ ਉਹ ਨੌਜਵਾਨ ਜਿਨ੍ਹਾਂ ਨੇ 12 ਸਾਲ ਜਾਂ ਇਸ ਤੋਂ ਘੱਟ ਉਮਰ ਵਿੱਚ ਸਮਾਰਟਫੋਨ ਵਰਤਣਾ ਸ਼ੁਰੂ ਕਰ ਦਿੱਤਾ ਸੀ, ਉਹਨਾਂ ਵਿੱਚ ਆਤਮਹੱਤਿਆ ਦੇ ਵਿਚਾਰ, ਵੱਧ ਆਕਰਮਕਤਾ, ਹਕੀਕਤ ਤੋਂ ਟੁੱਟ ਜਾਣਾ, ਭਾਵਨਾਵਾਂ ‘ਤੇ ਕੰਟਰੋਲ ਦੀ ਕਮੀ ਅਤੇ ਆਤਮ-ਸਨਮਾਨ ਘਟਣਾ ਵਰਗੀਆਂ ਸਮੱਸਿਆਵਾਂ ਆਮ ਤੌਰ ‘ਤੇ ਪਾਈਆਂ ਗਈਆਂ।

ਸ਼ੋਧ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਮੁੱਖ ਕਾਰਣ ਸੋਸ਼ਲ ਮੀਡੀਆ ਦਾ ਸ਼ੁਰੂਆਤੀ ਐਕਸਪੋਜ਼ਰ, ਸਾਇਬਰ ਬੁਲਿੰਗ, ਖ਼ਰਾਬ ਨੀਂਦ ਅਤੇ ਤਣਾਅ ਭਰੇ ਪਰਿਵਾਰਕ ਰਿਸ਼ਤੇ ਹਨ।

ਮਾਹਿਰਾਂ ਦੀ ਚੇਤਾਵਨੀ ਅਤੇ ਕਾਰਵਾਈ ਦੀ ਮੰਗ

ਇਹ ਅਧਿਐਨ Sapien Labs ਵੱਲੋਂ ਕੀਤਾ ਗਿਆ ਹੈ, ਜਿਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਮਾਨਸਿਕ ਸਿਹਤ ਡੇਟਾਬੇਸ (Global Mind Project) ਹੈ। ਸੰਸਥਾ ਦੀ ਮੁੱਖ ਨਿਊਰੋਸਾਇੰਟਿਸਟ ਡਾ. ਤਾਰਾ ਥਿਆਗਰਾਜਨ ਦਾ ਕਹਿਣਾ ਹੈ ਕਿ ਛੋਟੀ ਉਮਰ ਵਿੱਚ ਸਮਾਰਟਫੋਨ ਮਿਲਣਾ ਅਤੇ ਸੋਸ਼ਲ ਮੀਡੀਆ ਤੱਕ ਪਹੁੰਚ ਹੋਣਾ ਦਿਮਾਗੀ ਵਿਕਾਸ ‘ਤੇ ਗੰਭੀਰ ਅਸਰ ਪਾਂਦਾ ਹੈ।

ਉਨ੍ਹਾਂ ਦੇ ਮੁਤਾਬਕ, ਇਸ ਦੇ ਲੱਛਣ ਸਿਰਫ਼ ਡਿਪਰੈਸ਼ਨ ਅਤੇ ਚਿੰਤਾ ਤੱਕ ਹੀ ਸੀਮਤ ਨਹੀਂ ਰਹਿੰਦੇ, ਸਗੋਂ ਇਹ ਹਿੰਸਕ ਰੁਝਾਨ, ਹਕੀਕਤ ਤੋਂ ਦੂਰੀ ਅਤੇ ਖੁਦਕੁਸ਼ੀ ਵਰਗੇ ਵਿਚਾਰਾਂ ਜਿਹੀਆਂ ਗੰਭੀਰ ਸਥਿਤੀਆਂ ਵਿੱਚ ਵੀ ਬਦਲ ਸਕਦੇ ਹਨ, ਜੋ ਸਮਾਜ ਲਈ ਖ਼ਤਰਨਾਕ ਹੋ ਸਕਦੀਆਂ ਹਨ।

ਲੜਕੀਆਂ ਅਤੇ ਲੜਕਿਆਂ ‘ਤੇ ਵੱਖਰਾ ਅਸਰ

ਸਟੱਡੀ ਦੇ ਮੁਤਾਬਕ, ਛੋਟੀ ਉਮਰ ‘ਚ ਸਮਾਰਟਫੋਨ ਦੀ ਪਹੁੰਚ ਦਾ ਅਸਰ ਲੜਕੀਆਂ ਅਤੇ ਲੜਕਿਆਂ ‘ਤੇ ਵੱਖਰਾ ਦੇਖਣ ਨੂੰ ਮਿਲਿਆ। ਲੜਕੀਆਂ ਵਿੱਚ ਖ਼ਰਾਬ ਆਤਮ-ਛਵੀ, ਆਤਮ-ਵਿਸ਼ਵਾਸ ਦੀ ਕਮੀ ਅਤੇ ਜਜ਼ਬਾਤੀ ਮਜ਼ਬੂਤੀ ਵਿੱਚ ਗਿਰਾਵਟ ਸਾਹਮਣੇ ਆਈ। ਦੂਜੇ ਪਾਸੇ, ਲੜਕਿਆਂ ਵਿੱਚ ਸ਼ਾਂਤ ਸੁਭਾਅ ਦੀ ਕਮੀ, ਘੱਟ ਹਮਦਰਦੀ ਅਤੇ ਅਸਥਿਰ ਮਾਨਸਿਕਤਾ ਵੱਧ ਦੇਖੀ ਗਈ।

ਅਧਿਐਨ ਦੇ ਅੰਕੜੇ ਅਤੇ ਹੈਰਾਨ ਕਰਨ ਵਾਲੇ ਨਤੀਜੇ

ਜਿਨ੍ਹਾਂ ਨੇ 13 ਸਾਲ ਦੀ ਉਮਰ ਵਿੱਚ ਪਹਿਲਾ ਸਮਾਰਟਫੋਨ ਲਿਆ, ਉਹਨਾਂ ਦਾ ਮਾਈਂਡ ਹੈਲਥ ਕੋਸ਼ੈਂਟ (MHQ) ਸਕੋਰ ਔਸਤਨ 30 ਰਿਹਾ। ਜਦਕਿ ਜਿਨ੍ਹਾਂ ਕੋਲ 5 ਸਾਲ ਦੀ ਉਮਰ ਵਿੱਚ ਹੀ ਫੋਨ ਸੀ, ਉਹਨਾਂ ਦਾ ਸਕੋਰ ਸਿਰਫ਼ 1 ਮਿਲਿਆ। ਮਹਿਲਾਵਾਂ ਵਿੱਚ 9.5% ਅਤੇ ਪੁਰਸ਼ਾਂ ਵਿੱਚ 7% ਤੱਕ ਗੰਭੀਰ ਮਾਨਸਿਕ ਲੱਛਣਾਂ ਵਿੱਚ ਵਾਧਾ ਦਰਜ ਕੀਤਾ ਗਿਆ। ਛੋਟੀ ਉਮਰ ਵਿੱਚ ਸੋਸ਼ਲ ਮੀਡੀਆ ਤੱਕ ਪਹੁੰਚ ਨੇ ਲਗਭਗ 40% ਮਾਮਲਿਆਂ ਵਿੱਚ ਸਮੱਸਿਆਵਾਂ ਨੂੰ ਵਧਾਇਆ, ਜਦਕਿ ਸਾਇਬਰਬੁਲਿੰਗ, ਨੀਂਦ ਦੀ ਕਮੀ ਅਤੇ ਪਰਿਵਾਰਕ ਤਣਾਅ ਦਾ ਵੀ ਮਹੱਤਵਪੂਰਣ ਯੋਗਦਾਨ ਰਿਹਾ।

ਨੀਤੀ-ਨਿਰਮਾਤਿਆਂ ਲਈ 4 ਅਹਿਮ ਸੁਝਾਅ

ਸ਼ੋਧਕਰਤਿਆਂ ਨੇ ਮਾਨਸਿਕ ਸਿਹਤ ਬਚਾਉਣ ਲਈ ਚਾਰ ਜ਼ਰੂਰੀ ਕਦਮ ਸੁਝਾਏ ਹਨ:

ਡਿਜੀਟਲ ਸਾਖਰਤਾ ਅਤੇ ਮਾਨਸਿਕ ਸਿਹਤ ‘ਤੇ ਲਾਜ਼ਮੀ ਸਿੱਖਿਆ ਪ੍ਰੋਗਰਾਮ।

13 ਸਾਲ ਤੋਂ ਘੱਟ ਉਮਰ ਵਿੱਚ ਸੋਸ਼ਲ ਮੀਡੀਆ ਵਰਤੋਂ ਦੀ ਸਖ਼ਤ ਨਿਗਰਾਨੀ ਅਤੇ ਕੰਪਨੀਆਂ ‘ਤੇ ਸਖ਼ਤ ਕਾਰਵਾਈ।

ਸੋਸ਼ਲ ਮੀਡੀਆ ਐਕਸੈੱਸ ਨੂੰ ਸੀਮਿਤ ਕਰਨਾ।

ਉਮਰ ਦੇ ਆਧਾਰ ‘ਤੇ ਸਮਾਰਟਫੋਨ ਵਰਤੋਂ ‘ਤੇ ਪੜਾਅ-ਵਾਰ ਪਾਬੰਦੀ।

ਦੁਨੀਆ ਭਰ ‘ਚ ਵੱਧ ਰਹੀ ਸਖ਼ਤੀ

ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ 13 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇਜਾਜ਼ਤ ਨਹੀਂ ਦਿੰਦੇ, ਪਰ ਇਹ ਨਿਯਮ ਅਕਸਰ ਲਾਗੂ ਨਹੀਂ ਹੁੰਦਾ। ਕਈ ਦੇਸ਼ਾਂ ਨੇ ਸਕੂਲਾਂ ਵਿੱਚ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਫਰਾਂਸ, ਨੀਦਰਲੈਂਡ, ਇਟਲੀ ਅਤੇ ਨਿਊਜ਼ੀਲੈਂਡ ਪਹਿਲਾਂ ਹੀ ਇਹ ਕਦਮ ਚੁੱਕ ਚੁੱਕੇ ਹਨ। ਅਮਰੀਕਾ ਦਾ ਨਿਊਯਾਰਕ ਸਟੇਟ ਵੀ ਹਾਲ ਹੀ ਵਿੱਚ ਇਸ ਸੂਚੀ ਵਿੱਚ ਸ਼ਾਮਲ ਹੋਇਆ ਹੈ।

ਨਤੀਜਿਆਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ

ਰਿਸਰਚਰਾਂ ਦਾ ਮੰਨਣਾ ਹੈ ਕਿ ਭਾਵੇਂ ਅਜੇ ਇਹ ਸਾਬਤ ਨਹੀਂ ਹੋਇਆ ਕਿ ਛੋਟੀ ਉਮਰ ਵਿੱਚ ਸਮਾਰਟਫ਼ੋਨ ਦੀ ਵਰਤੋਂ ਸਿੱਧੇ ਤੌਰ ‘ਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਹੈ, ਪਰ ਇਸਦੇ ਨਤੀਜੇ ਇੰਨੇ ਗੰਭੀਰ ਹਨ ਕਿ ਉਨ੍ਹਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਜਿਵੇਂ ਨਾਬਾਲਿਗਾਂ ਲਈ ਸ਼ਰਾਬ ਅਤੇ ਤਮਾਕੂ ‘ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਸਮਾਰਟਫ਼ੋਨ ਦੀ ਵਰਤੋਂ ‘ਤੇ ਵੀ ਰੋਕ ਲਗਾਉਣਾ ਜ਼ਰੂਰੀ ਹੈ।