Google Maps ਕਰਕੇ ਲੋਕਾਂ ਦੇ ਗਲਤ ਥਾਵਾਂ 'ਤੇ ਪਹੁੰਚਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਸਵਾਰ ਗੂਗਲ ਮੈਪਸ ਦੀ ਮਦਦ ਨਾਲ ਗੱਡੀ ਚਲਾਉਂਦੇ ਹੋਏ ਖੇਤਾਂ ਵਿੱਚ ਪਹੁੰਚ ਗਿਆ। ਜਦੋਂ ਉਸ ਨੇ ਖੇਤਾਂ ਵਿੱਚ ਫਸੀ ਕਾਰ ਨੂੰ ਬਾਹਰ ਕੱਢਣ ਲਈ ਮਦਦ ਮੰਗੀ ਤਾਂ ਮਦਦ ਲਈ ਆਏ ਲੋਕ ਕਾਰ ਲੈ ਕੇ ਭੱਜ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ।

Google Maps ਨੇ ਖੇਤਾਂ ਵਿੱਚ ਪਹੁੰਚਾਇਆ

ਮੀਡੀਆ ਰਿਪੋਰਟਾਂ ਅਨੁਸਾਰ ਮੇਰਠ ਦਾ ਰਹਿਣ ਵਾਲਾ ਇੱਕ ਨੌਜਵਾਨ ਸ਼ਾਮਲੀ ਜਾ ਰਿਹਾ ਸੀ। ਇੱਥੇ ਰੋਹਾਨਾ ਟੋਲ ਪਲਾਜ਼ਾ 'ਤੇ ਉਸ ਨੇ ਆਪਣੇ ਕਿਸੇ ਜਾਣਕਾਰ ਨੂੰ ਮਿਲਣਾ ਸੀ। ਜਦੋਂ ਨੌਜਵਾਨ ਰੋਹਾਨਾ ਟੋਲ ਪਲਾਜ਼ਾ 'ਤੇ ਪਹੁੰਚਿਆ ਤਾਂ ਉਸ ਦੇ ਜਾਣਕਾਰ ਨੇ ਉਸ ਨੂੰ ਸਹਾਰਨਪੁਰ ਰੋਡ 'ਤੇ ਜਾਣ ਲਈ ਕਿਹਾ ਅਤੇ ਉੱਥੇ ਦੀ ਲੋਕੇਸ਼ਨ ਭੇਜ ਦਿੱਤੀ। ਲੋਕੇਸ਼ਨ ਦੇ ਹਿਸਾਬ ਨਾਲ ਚਲਦੇ-ਚਲਦੇ ਉਹ ਰਸਤਾ ਭਟਕ ਗਿਆ ਅਤੇ ਖੇਤਾਂ ਵਿੱਚ ਜਾ ਪਹੁੰਚਿਆ। ਜਿਵੇਂ ਹੀ ਉਸ ਨੇ ਹਾਈਵੇਅ 'ਤੇ ਵਾਪਸ ਜਾਣ ਲਈ ਆਪਣੀ ਕਾਰ ਨੂੰ ਪਿੱਛੇ ਕੀਤਾ, ਤਾਂ ਕਾਰ ਕਣਕ ਦੇ ਖੇਤਾਂ ਵਿੱਚ ਫਸ ਗਈ।

ਮਦਦਗਾਰ ਹੀ ਗੱਡੀ ਲੈਕੇ ਭੱਜ ਗਏ

ਕਾਫ਼ੀ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਉਸਦੀ ਕਾਰ ਨਹੀਂ ਨਿਕਲੀ, ਤਾਂ ਉਸ ਨੇ ਉੱਥੋਂ ਲੰਘ ਰਹੇ ਦੋ ਨੌਜਵਾਨਾਂ ਤੋਂ ਮਦਦ ਮੰਗੀ। ਬਾਈਕ ਸਵਾਰ ਨੇ ਆਪਣੇ ਕੁਝ ਹੋਰ ਦੋਸਤਾਂ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਸਾਰਿਆਂ ਨੇ ਮਿਲ ਕੇ ਗੱਡੀ ਕੱਢਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕਾਰ ਖੇਤਾਂ ਤੋਂ ਨਿਕਲੀ, ਡਰਾਈਵਰ ਸੀਟ 'ਤੇ ਬੈਠਿਆ ਨੌਜਵਾਨ ਇਸ ਨੂੰ ਲੈ ਕੇ ਭੱਜ ਗਿਆ। ਉਸ ਦੇ ਬਾਕੀ ਸਾਥੀ ਵੀ ਬਾਈਕ 'ਤੇ ਸਵਾਰ ਹੋ ਗਏ ਅਤੇ ਉਸ ਦੇ ਨਾਲ ਭੱਜ ਗਏ। ਕਾਰ ਚਾਲਕ ਮੌਕੇ 'ਤੇ ਇਕੱਲਾ ਰਹਿ ਗਿਆ, ਜਿਸ ਤੋਂ ਬਾਅਦ ਉਸ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਹਾਲਾਂਕਿ, ਜਾਂਚ ਤੋਂ ਬਾਅਦ ਪੁਲਿਸ ਨੂੰ ਕਾਰ ਥੋੜ੍ਹੀ ਦੂਰੀ 'ਤੇ ਖੜ੍ਹੀ ਮਿਲੀ। ਫਿਲਹਾਲ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਹਿਲਾਂ ਵੀ ਸਾਹਮਣੇ ਆ ਚੁੱਕੇ ਅਜਿਹੇ ਮਾਮਲੇ

ਗੂਗਲ ਮੈਪਸ ਕਰਕੇ ਰਸਤਾ ਭਟਕਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਮਹੀਨੇ ਮੈਪ ਨੇ ਅਸਾਮ ਪੁਲਿਸ ਨੂੰ ਨਾਗਾਲੈਂਡ ਪਹੁੰਚਾ ਦਿੱਤਾ ਸੀ। ਪੁਲਿਸ ਵਾਲਿਆਂ ਨੂੰ ਹਥਿਆਰ ਲਿਜਾਂਦੇ ਦੇਖ ਕੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਅਪਰਾਧੀ ਸਮਝ ਲਿਆ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਅਗਲੇ ਦਿਨ, ਸਥਾਨਕ ਪੁਲਿਸ ਦੀ ਮਦਦ ਨਾਲ ਬੰਧਕ ਮੁਲਾਜ਼ਮਾਂ ਨੂੰ ਛੁਡਾਇਆ ਗਿਆ।