ਨਵੀਂ ਦਿੱਲੀ: ਅਮਰੀਕਾ ਤੋਂ ‘ਗੂਗਲ ਪੇਅ’ ਯੂਜ਼ਰਜ਼ ਹੁਣ ਭਾਰਤ ਤੇ ਸਿੰਗਾਪੁਰ ’ਚ ਪੈਸੇ ਭੇਜ ਸਕਦੇ ਹਨ। ਇਸ ਕਦਮ ਨਾਲ ‘ਗੂਗਲ ਪੇਅ’ ਨੇ ਕ੍ਰਾਸ ਬਾਰਡਰ ਪੇਮੈਂਟ ਮਾਰਕਿਟ ਵਿੱਚ ਵੱਡੇ ਪੱਧਰ ਉੱਤੇ ਉੱਤਰਨ ਦਾ ਸੰਕੇਤ ਦਿੱਤਾ ਹੈ। ਗੂਗਲ ਨੇ ਇਸ ਲਈ ‘ਵੈਸਟਰਨ ਯੂਨੀਅਨ’ ਤੇ ‘ਵਾਈਜ਼ ਫ਼ਾਰ ਇੰਟੈਗ੍ਰੇਸ਼ਨ’ ਨਾਲ ਪਾਰਟਨਰਸ਼ਿਪ ਦਾ ਐਲਾਨ ਕੀਤਾ ਹੈ। ਉਸ ਦਾ ਇਰਾਦਾ ਵੈਸਟਰਨ ਯੂਨੀਅਨ ਰਾਹੀਂ 200 ਤੋਂ ਵੱਧ ਦੇਸ਼ਾਂ ਤੇ ਇਲਾਕਿਆਂ ’ਚ ਇਹ ਸੇਵਾ ਸ਼ੁਰੂ ਕਰਨ ਦਾ ਹੈ; ਜਦ ਕਿ ਉਹ ‘ਵਾਈਜ਼ ਫ਼ਾਰ ਇੰਟੈਗ੍ਰੇਸ਼ਨ’ ਰਾਹੀਂ 80 ਦੇਸ਼ਾਂ ਵਿੱਚ ਇਹ ਸਰਵਿਸ ਸ਼ੁਰੂ ਕਰ ਸਕਦੀ ਹੈ।
‘ਗੂਗਲ ਪੇਅ’ ਅਨੁਸਾਰ ‘ਗੂਗਲ ਪੇਅ’ ਯੂਜ਼ਰਜ਼ ਨੂੰ ਅਮਰੀਕਾ ਤੋਂ ਭਾਰਤ ਜਾਂ ਸਿੰਗਾਪੁਰ ’ਚ ਪੈਸੇ ਭੇਜਣ ਲਈ ‘ਗੂਗਲ ਪੇਅ’ ਯੂਜ਼ਰਜ਼ ਨੂੰ ਸਰਚ ਕਰਨਾ ਹੋਵੇਗਾ ਤੇ ਫਿਰ ਪੇਅ ਬਟਨ ਦਬਾਉਣਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ‘ਵੈਸਟਰਨ ਯੂਨੀਅਨ’ ਜਾਂ ‘ਵਾਈਜ਼’ ਨੂੰ ਚੁਣਨਾ ਹੋਵੇਗਾ। ‘ਗੂਗਲ ਪੇਅ’ ਰਾਹੀਂ ਮਨੀ ਟ੍ਰਾਂਸਫ਼ਰ ਕਰਨਾ ਆਸਾਨ ਹੈ।
ਅਮਰੀਕਾ ’ਚ ਤੁਹਾਡਾ ਪਰਿਵਾਰ ਦੋਸਤ ਤੇ ਦੋਸਤ ‘ਗੂਗਲ ਪੇਅ’ ਉੱਤੇ ਤੁਹਾਡਾ ਫ਼ੋਨ ਨੰਬਰ ਸਰਚ ਕਰ ਸਕਦੇ ਹਨ। ਉਹੀ ਫ਼ੋਨ ਨੰਬਰ ਭਾਰਤ ਵਿੱਚ ਗੂਗਲ ਪੇਅ ਐਪ ਉੱਤੇ ਰਜਿਸਟਰਡ ਤੇ ਇੱਕ ਭਾਰਤੀ ਬੈਂਕ ਖਾਤੇ ਨਾਲ ਲਿੰਕਡ ਹੋਣਾ ਚਾਹੀਦਾ ਹੈ। ਅਮਰੀਕਾ ਤੋਂ ਕੇਵਲ ਅਮਰੀਕੀ ਡਾਲਰ ਵਿੱਚ ਹੀ ਰਾਸ਼ੀ ਭੇਜੀ ਜਾ ਸਕੇਗੀ। ਇਸ ਤੋਂ ਬਾਅਦ ਉਹ ਵੈਸਟਰਨ ਯੂਨੀਅਨ ਤੇ ਵਾਈਜ਼ ਵਿੱਚੋਂ ਇੱਕ ਵਿਕਲਪ ਚੁਣਨਗੇ।
ਉਨ੍ਹਾਂ ਨੂੰ ਤਦ ਇਹ ਪਤਾ ਚੱਲੇਗਾ ਕਿ ਮਨੀ ਟ੍ਰਾਂਸਫ਼ਰ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਤੇ ਕਰੰਸੀ ਕਨਵਰਜ਼ਨ ਤੋਂ ਬਾਅਦ ਪੈਸਾ ਹਾਸਲ ਕਰਨ ਵਾਲੇ ਨੂੰ ਕਿੰਨੀ ਰਕਮ ਮਿਲੇਗੀ। ਟ੍ਰਾਂਸਫ਼ਰ ਕੀਤੀ ਗਈ ਰਕਮ ਸਿੱਧੀ ਉਸ ਖਾਤੇ ’ਚ ਆਵੇਗੀ, ਜੋ ਗੂਗਲ ਪੇਅ ਨਾਲ ਲਿੰਕਡ ਹੈ। ਅਮਰੀਕਾ ’ਚ ਯੂਜ਼ਰ ਆਪਣੇ ਗੂਗਲ ਪੇਅ ਨਾਲ ਲਿੰਕਡ ਡੇਬਿਟ ਜਾਂ ਕ੍ਰੈਡਿਟ ਕਾਰਡ ਤੋਂ ਰਾਸ਼ੀ ਭੇਜ ਸਕਣਗੇ।
ਪੈਸੇ ਭੇਜਣ ਲਈ ਕੋਈ ਘੱਟੋ-ਘੱਟ ਰਕਮ ਤੈਅ ਨਹੀਂ ਹੈ; ਭਾਵੇਂ ਵੱਧ ਤੋਂ ਵੱਧ ਰਕਮ ਪੇਮੈਂਟ ਦੇ ਤਰੀਕੇ ਸਮੇਤ ਵਿਭਿੰਨ ਕਾਰਣਾਂ ਉੱਤੇ ਨਿਰਭਰ ਹੋ ਸਕਦੀ ਹੈ। ‘ਵੈਸਟਰਨ ਯੂਨੀਅਨ’ ਨੇ ਕਿਹਾ ਹੈ ਕਿ ਜੂਨ ਦੇ ਅੱਧ ਤੱਕ ਇਨ੍ਹਾਂ ਟ੍ਰਾਂਜ਼ੈਕਸ਼ਨਜ਼ ਉੱਤੇ ਕੋਈ ਵਾਧੂ ਟ੍ਰਾਂਜ਼ੈਕਸ਼ਨ ਚਾਰਜ ਨਹੀਂ ਹੋਵੇਗਾ। ਗੂਗਲ ਵੱਲੋਂ ਕਿਸੇ ਇੰਟਰਨੈਸ਼ਨਲ ਟ੍ਰਾਂਜ਼ੈਕਸ਼ਨ ਲਈ ਭੇਜਣ ਜਾਂ ਹਾਸਲ ਕਰਨ ਵਾਲੇ ਉੱਤੇ ਕੋਈ ਚਾਰਜ ਨਹੀਂ ਲਾਇਆ ਜਾਵੇਗਾ।