ਨਵੀਂ ਦਿੱਲੀ: ਗੂਗਲ ਨੇ ਮੰਗਲਵਾਰ ਨੂੰ ਭਾਰਤ ਵਿੱਚ 30 ਨਿਊਜ਼ ਸੰਗਠਨਾਂ ਦੇ ਨਾਲ ਆਪਣੇ ਨਿਊਜ਼ ਸ਼ੋਅਕੇਸ ਦੀ ਪੇਸ਼ਕਸ਼ ਕੀਤੀ, ਜਿਸ ਦਾ ਉਦੇਸ਼ ਪ੍ਰਕਾਸ਼ਕਾਂ ਨੂੰ ਗੂਗਲ ਦੀਆਂ ਖਬਰਾਂ ਤੇ ਖੋਜ ਫੋਰਮਾਂ 'ਤੇ ਗੁਣਵੱਤਾ ਭਰਪੂਰ ਸਮੱਗਰੀ ਪ੍ਰਦਰਸ਼ਤ ਕਰਨ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦਾ ਸਮਰਥਨ ਕਰਨਾ ਹੈ। ਇਸ ਦੇ ਨਾਲ, ਗੂਗਲ ਅਗਲੇ ਤਿੰਨ ਸਾਲਾਂ ਦੌਰਾਨ ਭਾਰਤ ਵਿੱਚ ਸਮਾਚਾਰ ਸੰਗਠਨਾਂ ਤੇ ਪੱਤਰਕਾਰੀ ਦੇ ਸਕੂਲਾਂ ਦੇ 50,000 ਪੱਤਰਕਾਰਾਂ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਡਿਜੀਟਲ ਹੁਨਰ ਸਿਖਾਏਗਾ।
ਲੋਕਾਂ ਨੂੰ ਮਿਲੇਗੀ ਭਰੋਸੇਮੰਦ ਖਬਰਾਂ
ਗੂਗਲ ਦੇ ਵਾਈਸ ਪ੍ਰੈਜ਼ੀਡੈਂਟ (ਉਤਪਾਦ ਪ੍ਰਬੰਧਨ) ਬ੍ਰੈਡ ਬੈਂਡਰ ਨੇ ਕਿਹਾ ਕਿ ਹੁਣ ਅਸੀਂ ਇੱਕ ਨਿਊਜ਼ ਸ਼ੋਅਕੇਸ ਪੇਸ਼ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਭਰੋਸੇਯੋਗ ਖ਼ਬਰਾਂ ਪ੍ਰਾਪਤ ਕਰਨ ਵਿੱਚ ਪ੍ਰਕਾਸ਼ਕਾਂ ਦੀ ਮਦਦ ਕੀਤੀ ਜਾ ਸਕੇ। ਖ਼ਾਸਕਰ ਇਸ ਗੰਭੀਰ ਸਮੇਂ ਦੌਰਾਨ ਜਦੋਂ ਕੋਵਿਡ ਸੰਕਟ ਜਾਰੀ ਹੈ।
ਨਿਊਜ਼ ਸ਼ੋਅਕੇਸ ਟੀਮ ਪ੍ਰਕਾਸ਼ਕਾਂ ਦੀ ਪਸੰਦ ਅਨੁਸਾਰ ਲੇਖਾਂ ਨੂੰ ਉਤਸ਼ਾਹਿਤ ਕਰਦੀ ਹੈ ਤੇ ਉਨ੍ਹਾਂ ਨੂੰ ਖ਼ਬਰਾਂ ਦੇ ਨਾਲ ਵਾਧੂ ਪ੍ਰਸੰਗ ਪ੍ਰਦਾਨ ਕਰਨ ਦੀ ਆਗਿਆ ਦਿੰਦੀ ਹੈ, ਤਾਂ ਜੋ ਪਾਠਕ ਆਪਣੇ ਆਲੇ ਦੁਆਲੇ ਕੀ ਹੋ ਰਿਹਾ ਹੈ ਇਸ ਬਾਰੇ ਚੰਗੀ ਤਰ੍ਹਾਂ ਸਮਝ ਪ੍ਰਾਪਤ ਕਰ ਸਕਣ।
ਉਨ੍ਹਾਂ ਕਿਹਾ ਕਿ ਇਹ ਨਿਊਜ਼ ਟੀਮਾਂ ਬ੍ਰਾਂਡਿੰਗ ਨੂੰ ਯਕੀਨੀ ਬਣਾਉਂਦੀਆਂ ਹਨ ਤੇ ਉਪਭੋਗਤਾਵਾਂ ਨੂੰ ਪ੍ਰਕਾਸ਼ਕਾਂ ਦੀਆਂ ਵੈਬਸਾਈਟਾਂ ‘ਤੇ ਲੈ ਜਾਂਦੀਆਂ ਹਨ। ਗੂਗਲ ਨਿਊਜ਼ ਸ਼ੋਅਕੇਸ ਭਾਰਤ ਵਿੱਚ 30 ਰਾਸ਼ਟਰੀ, ਖੇਤਰੀ ਤੇ ਸਥਾਨਕ ਸਮਾਚਾਰ ਸੰਗਠਨਾਂ ਨਾਲ ਲਾਂਚ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਗੂਗਲ ਦੀ ਸੇਵਾ ਜਰਮਨੀ, ਬ੍ਰਾਜ਼ੀਲ, ਕਨੇਡਾ, ਫਰਾਂਸ, ਜਾਪਾਨ, ਯੂਕੇ, ਆਸਟਰੇਲੀਆ, ਚੈਕੀਆ, ਇਟਲੀ ਤੇ ਅਰਜਨਟੀਨਾ ਸਮੇਤ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹੈ।
ਭਾਰਤ ਵਿਚ ਗੂਗਲ ਦੇ ਕੰਟਰੀ ਹੈਡ ਸੰਜੇ ਗੁਪਤਾ ਨੇ ਕਿਹਾ ਕਿ ਪ੍ਰਿੰਟ, ਟੈਲੀਵੀਜਨ ਤੇ ਡਿਜੀਟਲ ਵਿਚ ਖ਼ਬਰਾਂ ਦੀ ਖਪਤ ਵੱਧ ਰਹੀ ਹੈ, ਖਪਤਕਾਰਾਂ ਦੀਆਂ ਆਦਤਾਂ ਵੀ ਬਦਲ ਰਹੀਆਂ ਹਨ, ਖ਼ਬਰਾਂ ਤਕ ਡਿਜੀਟਲ ਪਹੁੰਚ ਦੀ ਵਰਤੋਂ ਕਰਨ ਵਾਲੇ ਵਧੇਰੇ ਨੌਜਵਾਨ ਖਪਤਕਾਰਾਂ ਦੇ ਨਾਲ ਹਨ। ਗੁਪਤਾ ਨੇ ਕਿਹਾ ਕਿ ਕੰਪਨੀ ਅਗਲੇ ਤਿੰਨ ਸਾਲਾਂ ਵਿੱਚ 50,000 ਤੋਂ ਵੱਧ ਪੱਤਰਕਾਰਾਂ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਵੇਗੀ ਅਤੇ ਖ਼ਬਰਾਂ ਦੀ ਤਸਦੀਕ ਕਰਨ, ਜਾਅਲੀ ਖ਼ਬਰਾਂ ਨਾਲ ਨਜਿੱਠਣ ਦੇ ਉਪਾਵਾਂ ਤੇ ਡਿਜੀਟਲ ਉਪਕਰਣਾਂ ਦੀ ਵਰਤੋਂ ’ਤੇ ਵਿਸ਼ੇਸ਼ ਧਿਆਨ ਦੇਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :